ਚਰਨਜੀਤ ਭੁੱਲਰ
ਚੰਡੀਗੜ੍ਹ, 5 ਸਤੰਬਰ
ਕਿਸਾਨ ਅੰਦੋਲਨ ਦੇ ਮੇਜ਼ਬਾਨ ਪੰਜਾਬ ਦੀ ਘਾਲਣਾ ਨੂੰ ਹੁਣ ਬੂਰ ਪੈਣ ਲੱਗਿਆ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਘੋਲ ਦੀ ਮੋਹੜੀ ਪੰਜਾਬ ਨੇ ਗੱਡੀ ਹੈ। ਅੱਜ ਮੁਜ਼ੱਫਰਨਗਰ ਦੀ ‘ਕਿਸਾਨ ਮਹਾ ਪੰਚਾਇਤ’ ਵਿੱਚ ਹੋਏ ਲੱਖਾਂ ਕਿਸਾਨਾਂ ਮਜ਼ਦੂਰਾਂ ਦੇ ਇਕੱਠ ਨੇ ਸਭ ਤੋਂ ਵੱਧ ਤਸੱਲੀ ਪੰਜਾਬ ਨੂੰ ਦਿੱਤੀ ਹੈ। ਪੰਜਾਬ ਵਿੱਚੋਂ ਹਜ਼ਾਰਾਂ ਲੋਕਾਂ ਨੇ ਅੱਜ ਇਸ ਇਕੱਠ ਵਿੱਚ ਸ਼ਮੂਲੀਅਤ ਕੀਤੀ ਹੈ। ਪੰਜਾਬ ਤੋਂ ਕਰੀਬ 1500 ਔਰਤਾਂ ਦਾ ਜਥਾ ਵੀ ਇਸ ਕਿਸਾਨ ਪੰਚਾਇਤ ’ਚ ਸ਼ਾਮਲ ਹੋਇਆ ਹੈ।
ਕਿਸਾਨ ਘੋਲ ਹੁਣ ਪ੍ਰਾਂਤਕ ਹੱਦਾਂ ਬੰਨ੍ਹੇ ਤੋੜਨ ਲੱਗਿਆ ਹੈ। ਪੰਜਾਬ ਤੇ ਹਰਿਆਣਾ ਦੀ ਬਣੀ ਆਪਸੀ ਲੋਕ ਸਾਂਝ ਸਭਨਾਂ ਸਿਆਸੀ ਧਿਰਾਂ ਨੂੰ ਹਜ਼ਮ ਨਹੀਂ ਹੋ ਰਹੀ ਹੈ। ਅੱਜ ਜਦੋਂ ਪੰਜਾਬ ਹਰਿਆਣਾ ਦੇ ਕਿਸਾਨ ਮਜ਼ਦੂਰ ਜੋਟੀ ਬਣਾ ਕੇ ਪੱਛਮੀ ਯੂਪੀ ਦੇ ਪਿੰਡਾਂ ਵਿੱਚੋਂ ਲੰਘੇ ਤਾਂ ਯੂਪੀ ਦੇ ਕਿਸਾਨ ਵੀ ਘਰਾਂ ’ਚੋਂ ਨਿਕਲੇ। ਪੰਜਾਬ ਦੀਆਂ ਕਿਸਾਨ ਧਿਰਾਂ ਵੱਲੋਂ 25 ਸਤੰਬਰ, 2020 ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਵਿੱਢਿਆ ਗਿਆ ਸੀ ਤੇ ਪਹਿਲੀ ਅਕਤੂਬਰ ਤੋਂ ਘੇਰਾਬੰਦੀ ਕਰ ਲਈ ਗਈ ਸੀ। ਪੰਜਾਬ ਦੇ ਕਿਸਾਨ 26 ਨਵੰਬਰ ਨੂੰ ਦਿੱਲੀ ਸਰਹੱਦਾਂ ’ਤੇ ਸਭ ਤੋਂ ਪਹਿਲਾਂ ਪੁੱਜੇ ਸਨ। ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਅੰਦੋਲਨ ਹਰਿਆਣਾ ਨੂੰ ਆਪਣੀ ਹਾਣੀ ਬਣਾਉਂਦਾ ਹੋਇਆ ਹੁਣ ਪੱਛਮੀ ਯੂਪੀ ਵਿੱਚ ਪੱਕੇ ਪੈਰੀਂ ਹੋਣ ਲੱਗਿਆ ਹੈ। ਬੀਕੇਯੂ (ਉਗਰਾਹਾਂ) ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਹਰਿੰਦਰ ਕੌਰ ਬਿੰਦੂ ਦੱਸਦੀ ਹੈ ਕਿ ਪੱਛਮੀ ਯੂਪੀ ’ਚ ਪੰਜਾਬੀ ਔਰਤਾਂ ਨੂੰ ਬਹੁਤ ਮਾਣ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਵਿੱਚੋਂ ਆਏ ਔਰਤਾਂ ਦੇ ਜਥੇ ਦੇਖ ਕੇ ਯੂਪੀ ਦੀਆਂ ਔਰਤਾਂ ਵੀ ਪੰਡਾਲ ਵਿੱਚ ਪੁੱਜ ਗਈਆਂ।
ਕੋਈ ਵੇਲਾ ਸੀ ਜਦੋਂ ਕਿ ਪੇਂਡੂ ਔਰਤਾਂ ਚੁੱਲ੍ਹੇ ਚੌਂਕੇ ਤੱਕ ਸੀਮਿਤ ਸਨ, ਅੱਜ ਪੇਂਡੂ ਘਰਾਂ ਦੀਆਂ ਔਰਤਾਂ ਦੂਸਰੇ ਸੂਬਿਆਂ ਵਿੱਚ ਜਾ ਕੇ ਮਾਣ ਮਹਿਸੂਸ ਕਰ ਰਹੀਆਂ ਸਨ। ਸੰਯੁਕਤ ਕਿਸਾਨ ਮੋਰਚਾ ਵਿੱਚ ਪੰਜਾਬ ਦੀਆਂ 32 ਕਿਸਾਨ ਧਿਰਾਂ ਸ਼ਾਮਲ ਹਨ। ਅੱਜ ਮੁਜ਼ੱਫਰਨਗਰ ਮਹਾ ਪੰਚਾਇਤ ਦੌਰਾਨ ਜਦੋਂ ਬਲਬੀਰ ਸਿੰਘ ਰਾਜੇਵਾਲ ਦੇ ਬੋਲਣ ਸਮੇਂ ਪੰਡਾਲ ਵਿੱਚ ਬੈਠੇ ਕੁਝ ਹੁੱਲੜਬਾਜ਼ਾਂ ਨੇ ਸ਼ਰਾਰਤ ਕਰਨੀ ਚਾਹੀ ਤਾਂ ਰਾਕੇਸ਼ ਟਿਕੈਤ ਨੇ ਮਾਈਕ ਫੜ੍ਹ ਕੇ ਝਾੜ-ਝੰਬ ਕਰ ਦਿੱਤੀ, ਜਿਸ ਮਗਰੋਂ ਕਿਸੇ ਹੁੱਲੜਬਾਜ਼ ਦੀ ਹਿੰਮਤ ਨਹੀਂ ਪਈ। ਰਾਜੇਵਾਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਉਹ ਡਟੇ ਰਹਿਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਖੇਤੀ ਨੂੰ ਕਾਰਪੋਰੇਟਾਂ ਹਵਾਲੇ ਕਰਨਾ ਚਾਹੁੰਦੀ ਹੈ ਪਰ ਉਹ ਅਜਿਹਾ ਨਹੀਂ ਹੋਣ ਦੇਣਗੇ।
ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਪੰਜਾਬ ਨੂੰ ਕੌਮੀ ਪੱਧਰ ’ਤੇ ਉਭਾਰਿਆ ਹੈ। ਉਨ੍ਹਾਂ ਕਿਹਾ ਕਿ ਕੌਮੀ ਇਕੱਠਾਂ ਵਿੱਚ ਪੰਜਾਬ ਦੇ ਕਿਸਾਨ ਆਗੂਆਂ ਦੀ ਪੈਂਠ ਵਧੀ ਹੈ। ਦੇਖਿਆ ਜਾਵੇ ਤਾਂ ਅੱਜ ਮਹਾ ਪੰਚਾਇਤ ਬੇਸ਼ੱਕ ਯੂਪੀ ਵਿੱਚ ਸੀ ਪਰ ਪੰਜਾਬ ਦੇ ਲੋਕ ਪੂਰਾ ਦਿਨ ਸੋਸ਼ਲ ਮੀਡੀਆ ਜ਼ਰੀਏ ਇਸ ਨਾਲ ਜੁੜੇ ਰਹੇ। ਚਰਚੇ ਹਨ ਕਿ ਇਸ ਕਿਸਾਨ ਇਕੱਠ ਦਾ ਪ੍ਰਭਾਵ ਆਉਂਦੇ ਦਿਨਾਂ ਵਿੱਚ ਪੰਜਾਬ ’ਤੇ ਵੀ ਦੇਖਣ ਨੂੰ ਮਿਲੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਆਖਦੇ ਹਨ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦਾ ਮੁੱਢ ਪੰਜਾਬ ਤੋਂ ਬੱਝਾ ਹੈ ਤੇ ਅੱਜ ਦੇ ਇਕੱਠ ਨਾਲ ਪੰਜਾਬੀਆਂ ਦੇ ਹੌਸਲੇ ਵਧੇ ਹਨ। ਮਾਨਸਾ ਤੇ ਬਠਿੰਡਾ ਜ਼ਿਲ੍ਹੇ ਵਿੱਚੋਂ ਛੇ ਨੌਜਵਾਨਾਂ ਦੇ ਜਥਿਆਂ ਦੀ ਅਗਵਾਈ ਕਰਨ ਵਾਲੇ ਰਵਿੰਦਰਜੀਤ ਸਿੰਘ ਰਵੀ ਮੰਡੀ ਕਲਾਂ ਨੇ ਦੱਸਿਆ ਕਿ ਮੁਜ਼ੱਫਰਨਗਰ ਦੇ ਰਸਤਿਆਂ ਵਿੱਚ ਅੱਜ ਮੁਸਲਿਮ ਭਾਈਚਾਰੇ ਵੱਲੋਂ ਥਾਂ-ਥਾਂ ਛਬੀਲਾਂ ਅਤੇ ਲੰਗਰ ਲਾਏ ਹੋਏ ਹਨ।
ਦੇਖਿਆ ਜਾਵੇ ਤਾਂ ਪੰਜਾਬ ਦੀ ਸਿਆਸਤ ’ਤੇ ਵੀ ਅੱਜ ਦੇ ਕਿਸਾਨ ਇਕੱਠ ਦਾ ਗਹਿਰਾ ਅਸਰ ਪਵੇਗਾ। ਆਉਂਦੇ ਦਿਨਾਂ ਵਿੱਚ ਪੰਜਾਬ ਦੇ ਪਿੰਡਾਂ ’ਚ ਸਿਆਸਤਦਾਨਾਂ ਦੀ ਘੇਰਾਬੰਦੀ ਹੋਰ ਵੱਧ ਸਕਦੀ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੋ ਵੀ ਸਿਆਸੀ ਪਾਰਟੀ ਆਪਣੇ ਚੋਣ ਮੁਹਿੰਮ ਵਿੱਢ ਕੇ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰੇਗੀ, ਉਸ ਨੂੰ ਪੰਜਾਬ ਵਿੱਚ ਕਿਸਾਨ ਰੋਹ ਦਾ ਸਾਹਮਣਾ ਕਰਨਾ ਪਵੇਗਾ। ਮੋਗਾ ਪੁਲੀਸ ਵੱਲੋਂ ਕਿਸਾਨਾਂ ’ਤੇ ਦਰਜ ਕੀਤੇ ਕੇਸਾਂ ਦੇ ਮਾਮਲੇ ’ਚ ਵੀ ਆਉਂਦੇ ਦਿਨਾਂ ਵਿੱਚ ਮੋਰਚਾ ਖੁੱਲ੍ਹੇਗਾ।
ਰੋਹ ਦੀ ਧਾਰਾ ਪ੍ਰਚੰਡ ਹੋਵੇਗੀ: ਪ੍ਰਿੰਸੀਪਲ ਬੰਧੂ
ਮਨੋਵਿਗਿਆਨ ਵਿਸ਼ੇ ਦੇ ਮਾਹਿਰ ਅਤੇ ਪ੍ਰਿੰਸੀਪਲ ਤ੍ਰਿਲੋਕ ਬੰਧੂ ਆਖਦੇ ਹਨ ਕਿ ਕਿਸਾਨ ਅੰਦੋਲਨ ਨੂੰ ਅੱਜ ਦੇ ਕਿਸਾਨ ਇਕੱਠ ਨੇ ਮਾਨਸਿਕ ਤੌਰ ’ਤੇ ਕਾਫ਼ੀ ਬਲ ਦਿੱਤਾ ਹੈ ਅਤੇ ਕਿਸਾਨਾਂ ਵਿੱਚ ਹੁਣ ਸੰਘਰਸ਼ੀ ਰੋਹ ਦੀ ਧਾਰਾ ਹੋਰ ਪ੍ਰਚੰਡ ਹੋਵੇਗੀ। ਉਨ੍ਹਾਂ ਕਿਹਾ ਕਿ ਮੁਜ਼ੱਫਰਨਗਰ ਦੇ ਕਿਸਾਨ ਇਕੱਠ ਨੇ ਮਾਨਸਿਕ ਤੌਰ ’ਤੇ ਇੱਕ ਸਾਂਝ ਵੀ ਪਕੇਰੀ ਕੀਤੀ ਹੈ। ਕਿਸਾਨ ਆਗੂ ਸੁਰਜੀਤ ਫੂਲ ਨੇ ਕਿਹਾ ਕਿ ਪੰਜਾਬੀ ਕਿਸਾਨਾਂ ਦੇ ਜੋਸ਼ ਨੇ ਪੱਛਮੀ ਯੂਪੀ ਨੂੰ ਵੀ ਪੱਬਾਂ ਭਾਰ ਕਰ ਦਿੱਤਾ ਹੈ।
ਮਹਾ ਪੰਚਾਇਤ ਦਾ ਸੁਨੇਹਾ ਸਮਝੇ ਕੇਂਦਰ ਸਰਕਾਰ: ਅਮਨ ਅਰੋੜਾ
ਚੰਡੀਗੜ੍ਹ (ਟਨਸ): ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁਜ਼ੱਫਰਨਗਰ ਵਿੱਚ ਕਰਵਾਈ ਗਈ ਕਿਸਾਨ ਮਹਾ ਪੰਚਾਇਤ ਦੀ ਸਫ਼ਲਤਾ ’ਤੇ ਅੰਦੋਲਨਕਾਰੀ ਕਿਸਾਨਾਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮਹਾ ਪੰਚਾਇਤ ਦਾ ਸੁਨੇਹਾ ਕੇਂਦਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ। ਜੇਕਰ ਹਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨਾਂ ਬਾਰੇ ਜ਼ਿੱਦ ਨਾ ਛੱਡੀ ਤਾਂ ਇਸ ਦੀ ਕੀਮਤ ਭਾਜਪਾ ਸਮੇਤ ਭਾਈਵਾਲ ਸਾਰੀਆਂ ਸਿਆਸੀ ਧਿਰਾਂ ਨੂੰ ਚੁਕਾਉਣੀ ਪਵੇਗੀ।