ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 29 ਅਕਤੂਬਰ
ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਵਾਲੇ ਮਾਲੇਰਕੋਟਲਾ ਰਿਆਸਤ ਦੇ ਤਤਕਾਲੀ ਨਵਾਬ ਸ਼ੇਰ ਮੁਹੰਮਦ ਖ਼ਾਨ ਦੀ 14ਵੀਂ ਪੀੜ੍ਹੀ ਤੇ ਚੜ੍ਹਦੇ ਪੰਜਾਬ ਦੀ ਇਕਲੌਤੀ ਮੁਸਲਿਮ ਰਿਆਸਤ ਮਾਲੇਰਕੋਟਲਾ ਦੇ ਆਖ਼ਰੀ ਨਵਾਬ ਮਰਹੂਮ ਇਫਤਖਾਰ ਅਲੀ ਖਾਂ ਦੀ ਚੌਥੀ ਬੇਗ਼ਮ ਮੁਨੱਵਰ-ਉਨ-ਨਿਸ਼ਾ (103), ਜਨਿ੍ਹਾਂ ਦਾ 27 ਅਕਤੂਬਰ ਨੂੰ ਸੰਖੇਪ ਬਿਮਾਰੀ ਮਗਰੋਂ ਇੰਤਕਾਲ ਹੋ ਗਿਆ ਸੀ, ਦੀ ਰਸਮ-ਏ-ਕੁਲ ਬੇਗ਼ਮ ਸਾਹਿਬਾ ਦੀ ਸਥਾਨਕ ਰਿਹਾਇਸ਼ ਮੁਬਾਰਿਕ ਮੰਜ਼ਿਲ ਵਿੱਚ ਹੋਈ। ਇਸ ਮੌਕੇ ਦੁਆ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਰਾਈ। ਇਸ ਮੌਕੇ ਉਨ੍ਹਾਂ ਮਰਹੂਮ ਨਵਾਬ ਸ਼ੇਰ ਮੁਹੰਮਦ ਖ਼ਾਨ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਨਾਅਰਾ ਮਾਰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿਰਫ਼ ਹਾਕਮਾਂ ਨੂੰ ਹੀ ਨਹੀਂ ਸਗੋਂ ਹਰ ਬਸਰ ਨੂੰ ਇਨਸਾਫ਼ ਦੇ ਤਕਾਜ਼ੇ ’ਤੇ ਖਰਾ ਉਤਰਨਾ ਚਾਹੀਦਾ ਹੈ ਅਤੇ ਧਰਮ ਦੀ ਮਰਿਆਦਾ ਦਾ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਵਾਬ ਸ਼ੇਰ ਮੁਹੰਮਦ ਖ਼ਾਨ ਦੇ ਖ਼ਾਨਦਾਨ ਦੀ ਰਿਹਾਇਸ਼ ਨੂੰ ਕੌਮੀ ਸਮਾਰਕ ਦਾ ਦਰਜਾ ਦਿੱਤਾ ਜਾਵੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਬੇਗ਼ਮ ਮੁਨੱਵਰ-ਉਨ-ਨਿਸ਼ਾ ਚੇਅਰ ਸਥਾਪਤ ਕੀਤੀ ਜਾਵੇ। ਇਸ ਮੌਕੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਬੇਗਮ ਦੀ ਰਿਹਾਇਸ਼ ਮੁਬਾਰਿਕ ਮੰਜ਼ਿਲ ਦੀ ਸਾਂਭ -ਸੰਭਾਲ ਲਈ ਕਮੇਟੀ ਬਣਨ ਦੀ ਸੂਰਤ ਵਿੱਚ ਮੁਬਾਰਿਕ ਮੰਜ਼ਿਲ ਦੀ ਦਿੱਖ ਸੰਵਾਰਨ ਅਤੇ ਸਾਂਭ-ਸੰਭਾਲ ਲਈ 50 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਬੇਗ਼ਮ ਦੀ ਰਿਹਾਇਸ਼ ਮੁਬਾਰਿਕ ਮੰਜ਼ਿਲ ਦੀ ਇਮਾਰਤ ਨੂੰ ਯਾਦਗਾਰ ਬਣਾਉਣ ਲਈ ਫ਼ੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਬੇਗ਼ਮ ਦਾ ਭਾਣਜਾ ਅਜ਼ੀਜ਼-ਉਲ ਹੱਕ, ਸਾਬਕਾ ਮੰਤਰੀ ਨੁਸਰਤ ਅਲੀ ਖਾਂ, ਸਾਬਕਾ ਅਕਾਲੀ ਵਿਧਾਇਕ ਇਕਬਾਲ ਸਿੰਘ ਝੂੰਦਾਂ, ਸਾਬਕਾ ਸੰਸਦੀ ਸਕੱਤਰ ਮੈਡਮ ਫਰਜ਼ਾਨਾ ਆਲਮ ਹਾਜ਼ਰ ਸਨ।