ਦਰਸ਼ਨ ਸਿੰਘ ਸੋਢੀ
ਮੁਹਾਲੀ, 15 ਸਤੰਬਰ
ਜੰਮੂ ਕਸ਼ਮੀਰ ਦੇ ਅਨੰਤਨਾਗ ਖੇਤਰ ਵਿੱਚ ਅਤਿਵਾਦੀਆਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋਏ ਕਰਨਲ ਮਨਪ੍ਰੀਤ ਸਿੰਘ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਭੜੌਜੀਆਂ ਵਿੱਚ ਬਾਅਦ ਦੁਪਹਿਰ ਸਰਕਾਰੀ ਤੇ ਫ਼ੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਕੈਪਟਨ ਦੀਦਾਰ ਸਿੰਘ ਦੀ ਅਗਵਾਈ ਹੇਠ ਭਾਰਤੀ ਸੈਨਾ ਦੀ ਟੁੱਕੜੀ ਤਿਰੰਗੇ ਵਿੱਚ ਲਿਪਟੀ ਸ਼ਹੀਦ ਕਰਨਲ ਦੀ ਦੇਹ ਲੈ ਕੇ ਪਿੰਡ ਭੜੌਜੀਆਂ ਪਹੁੰਚੀ। ਏਅਰਲਿਫਟ ਰਾਹੀਂ ਕੱਲ੍ਹ ਸ਼ਹੀਦ ਕਰਨਲ ਦੀ ਦੇਹ ਚੰਡੀਮੰਦਰ ਸਥਿਤ ਕਮਾਨ ਹਸਪਤਾਲ ਵਿੱਚ ਪਹੁੰਚ ਗਈ ਸੀ, ਜਿਸ ਨੂੰ ਅੱਜ ਸਵੇਰੇ ਕਰੀਬ 11:30 ਵਜੇ ਸ਼ਰਧਾਂਜਲੀ ਦੇਣ ਉਪਰੰਤ ਪਿੰਡ ਭੜੌਜੀਆਂ ਵਿੱਚ ਲਿਆਂਦਾ ਗਿਆ ਅਤੇ ਇੱਥੇ ਕੁੱਝ ਸਮੇਂ ਲਈ ਕਰਨਲ ਦੀ ਮ੍ਰਿਤਕ ਦੇਹ ਨੂੰ ਪਰਿਵਾਰ ਅਤੇ ਲੋਕਾਂ ਦੇ ਦਰਸ਼ਨਾਂ ਲਈ ਰੱਖੀ ਗਈ। ਇਸ ਮਗਰੋਂ ਫੌਜੀ ਅਫਸਰ, ਪੰਜਾਬ ਸਰਕਾਰ ਦੇ ਨੁਮਾਇੰਦੇ ਅਤੇ ਇਲਾਕੇ ਦੇ ਪਤਵੰਤਿਆਂ ਨੇ ਸ਼ਰਧਾਂਜਲੀ ਦਿੱਤੀ। ਇਸ ਮਗਰੋਂ ਪਿੰਡ ਭੜੌਜੀਆਂ ਦੇ ਸ਼ਮਸ਼ਾਨਘਾਟ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਕਰਨਲ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਸੱਤ ਸਾਲ ਦੇ ਬੇਟੇ ਅਤੇ ਕਰਨਲ ਦੇ ਛੋਟੇ ਭਰਾ ਸੰਦੀਪ ਸਿੰਘ ਨੇ ਦਿਖਾਈ। ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ, ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਤੇ ਚੇਤਨ ਸਿੰਘ ਜੌੜੇਮਾਜਰਾ, ਆਈਜੀ ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਆਸਿਕਾ ਜੈਨ, ਐੱਸਐੱਸਪੀ ਸੰਦੀਪ ਗਰਗ, ਐੱਸਡੀਐੱਮ ਰਵਿੰਦਰ ਸਿੰਘ, ਤਹਿਸੀਲਦਾਰ ਜਸਵੀਰ ਕੌਰ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਭਾਜਪਾ ਦੀ ਸੂਬਾ ਮੀਤ ਪ੍ਰਧਾਨ ਲਖਵਿੰਦਰ ਕੌਰ ਗਰਚਾ, ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਅਕਾਲੀ ਆਗੂ ਸਿਮਰਨਜੀਤ ਸਿੰਘ ਚੰਦੂਮਾਜਰਾ, ਹਲਕਾ ਇੰਚਾਰਜ ਖਰੜ ਰਣਜੀਤ ਸਿੰਘ ਗਿੱਲ, ਬ੍ਰਿਗੇਡੀਅਰ ਮਨੀਸ਼ ਜੋਸ਼ੀ, ਵੈਸਟ ਕਮਾਂਡੈਂਟ ਡੀਪੀ ਪਾਂਡੇ, ਇੰਦਰਜੀਤ ਸਿੰਘ, ਜਨਰਲ ਬਿੰਨੀ ਮਲਿਕ, ਮੇਜਰ ਪੰਕਜ ਕੁਮਾਰ, ਸਮਾਜ ਸੇਵੀ ਅਰਵਿੰਦ ਪੁਰੀ, ਸ਼ਹੀਦ ਭਗਤ ਸਿੰਘ ਯੂਥ ਕਲੱਬ ਭੜੌਜੀਆਂ ਦੇ ਪ੍ਰਧਾਨ ਤੇਜਵੀਰ ਸਿੰਘ ਤੇਜੀ, ਸਰਪੰਚ ਰਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਬਰ ਮੌਜੂਦ ਸਨ। ਅੰਤਿਮ ਸੰਸਕਾਰ ਮੌਕੇ ਕਰਨਲ ਮਨਪ੍ਰੀਤ ਸਿੰਘ ਅਮਰ ਰਹੇ ਦੇ ਨਾਅਰੇ ਗੂੰਜੇ।