ਜਸਵੰਤ ਜੱਸ
ਫ਼ਰੀਦਕੋਟ, 12 ਅਗਸਤ
ਫ਼ਰੀਦਕੋਟ ਰਿਆਸਤ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਸ਼ਾਹੀ ਵਸੀਅਤ ਅਤੇ ਇਸ ਵਸੀਅਤ ਦੇ ਆਧਾਰ ’ਤੇ ਹਜ਼ਾਰਾਂ ਕਰੋੜ ਦੀ ਜਾਇਦਾਦ ਦੀ ਸਾਂਭ-ਸੰਭਾਲ ਕਰ ਰਹੇ ਮਹਾਂਰਾਵਲ ਖੇਵਾ ਜੀ ਟਰੱਸਟ ਦੀ ਹੋਂਦ ਬਚਾਉਣ ਲਈ ਸ਼ਾਹੀ ਪਰਿਵਾਰ ਸੁਪਰੀਮ ਕੋਰਟ ਪੁੱਜ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸੇ ਸਾਲ ਪਹਿਲੀ ਜੂਨ ਨੂੰ ਰਾਜਾ ਹਰਿੰਦਰ ਸਿੰਘ ਬਰਾੜ ਦੀ ਪਹਿਲੀ ਜੂਨ 1986 ਨੂੰ ਲਿਖੀ ਗਈ ਵਸੀਅਤ ਗੈਰਕਾਨੂੰਨੀ ਮੰਨਦਿਆਂ ਰੱਦ ਕਰ ਦਿੱਤੀ ਸੀ। ਰਾਜਾ ਹਰਿੰਦਰ ਸਿੰਘ ਬਰਾੜ ਦੇ ਜਵਾਈ ਅਤੇ ਮਹਾਂਰਾਣੀ ਦੀਪਇੰਦਰ ਕੌਰ ਦੇ ਪਤੀ ਰਾਜ ਕੁਮਾਰ ਜੈ ਚੰਦ ਮਹਿਤਾਬ ਨੇ ਸੁਪਰੀਮ ਕੋਰਟ ਵਿੱਚ ਸਪੈਸ਼ਲ ਲੀਵ ਪਟੀਸ਼ਨ ਨੰ. 009151 ਅਤੇ 009153 ਦਾਇਰ ਕਰਕੇ ਦਾਅਵਾ ਕੀਤਾ ਕਿ ਰਾਜਾ ਹਰਿੰਦਰ ਸਿੰਘ ਦੀ ਵਸੀਅਤ ਪੂਰੀ ਤਰ੍ਹਾਂ ਕਾਨੂੰਨੀ ਹੈ ਅਤੇ ਇਸ ਵਸੀਅਤ ਨੂੰ ਤੋੜਨ ਦੇ ਅਦਾਲਤੀ ਫ਼ੈਸਲੇ ਗੈਰ ਕਾਨੂੰਨੀ ਹਨ। ਸਰਵਉੱਚ ਅਦਾਲਤ ਕਰੀਬ 25 ਹਜ਼ਾਰ ਕਰੋੜ ਦੀ ਸ਼ਾਹੀ ਜਾਇਦਾਦ ਵਾਲੇ ਇਸ ਝਗੜੇ ਦੀ ਸੁਣਵਾਈ 14 ਅਗਸਤ ਨੂੰ ਕਰੇਗੀ। ਰਾਜਾ ਹਰਿੰਦਰ ਸਿੰਘ ਦੀ ਮੌਤ ਤੋਂ ਬਾਅਦ ਜਾਇਦਾਦ ਦਾ ਵਿਵਾਦ ਸ਼ਾਹੀ ਟਰੱਸਟ ਅਤੇ ਰਾਜਾ ਹਰਿੰਦਰ ਸਿੰਘ ਦੀ ਬੇਟੀ ਰਾਜਕੁਮਾਰੀ ਅੰਮ੍ਰਿਤ ਕੌਰ ਦਰਮਿਆਨ ਸ਼ੁਰੂ ਹੋ ਗਿਆ ਸੀ। ਹਾਈ ਕੋਰਟ ਵੱਲੋਂ ਵਸੀਅਤ ਗੈਰ ਕਾਨੂੰਨੀ ਐਲਾਨੇ ਜਾਣ ਤੋਂ ਬਾਅਦ ਇੱਕ ਧਿਰ ਨੇ ਕਥਿਤ ਤੌਰ ’ਤੇ ਫ਼ਰੀਦਕੋਟ ਦੇ ਰਾਜ ਮਹਿਲ ਅਤੇ ਕਿਲੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਸ਼ਹਿਰ ਵਾਸੀਆਂ ਦੇ ਵਿਰੋਧ ਕਾਰਨ ਇਹ ਕਬਜ਼ਾ ਨਹੀਂ ਹੋ ਸਕਿਆ।