ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਨਵੰਬਰ
ਪੰਜਾਬ ਦੀਆਂ ਮੰਡੀਆਂ ਵਿੱਚ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਝੋਨੇ ਦੀ ਆਮਦ ਜ਼ੋਰਾਂ ’ਤੇ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਵੀ ਝੋਨੇ ਦੀ ਖਰੀਦ ਅਤੇ ਲਿਫ਼ਟਿੰਗ ਦੇ ਕੰਮ ਨੂੰ ਤੇਜ਼ ਕਰ ਦਿੱਤਾ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਸਵਾ ਲੱਖ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 95 ਫ਼ੀਸਦ ਤੋਂ ਵੱਧ ਝੋਨਾ ਖਰੀਦਿਆ ਵੀ ਜਾ ਚੁੱਕਿਆ ਹੈ। ਹਾਲਾਂਕਿ ਹਾਲੇ ਤੱਕ ਪੰਜਾਬ ਦੀਆਂ ਮੰਡੀਆਂ ਵਿੱਚੋਂ ਕੁੱਲ ਝੋਨੇ ਦਾ 60 ਤੋਂ 65 ਫ਼ੀਸਦ ਹਿੱਸਾ ਹੀ ਪਹੁੰਚਿਆ ਹੈ, ਜਦੋਂ ਕਿ 35 ਤੋਂ 40 ਫ਼ੀਸਦ ਫ਼ਸਲ ਆਉਣੀ ਬਾਕੀ ਹੈ।
ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ 126.66 ਲੱਖ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ 120.95 ਲੱਖ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਵਿੱਚੋਂ ਸਰਕਾਰੀ ਖਰੀਦ ਏਜੰਸੀਆਂ ਨੇ 120.67 ਲੱਖ ਟਨ ਝੋਨੇ ਦੀ ਖਰੀਦ ਕੀਤੀ ਹੈ, ਜਦੋਂ ਕਿ ਪ੍ਰਾਈਵੇਟ ਵਪਾਰੀਆਂ ਨੇ ਸਿਰਫ਼ 28 ਹਜ਼ਾਰ ਟਨ ਝੋਨਾ ਹੀ ਖਰੀਦਿਆ ਹੈ। ਇਸ ਵਿੱਚੋਂ 83.50 ਲੱਖ ਟਨ ਝੋਨੇ ਦੀ ਲਿਫ਼ਟਿੰਗ ਵੀ ਕੀਤੀ ਜਾ ਚੁੱਕੀ ਹੈ।
ਪੰਜਾਬ ਵਿੱਚ 730 ਪਰਾਲੀ ਸਾੜਨ ਦੇ ਮਾਮਲੇ
ਪੰਜਾਬ ਵਿੱਚ ਅੱਜ 730 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸੂਬੇ ਵਿੱਚ ਇਸ ਸੀਜ਼ਨ ਦੌਰਾਨ 6029 ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹਾ ਸੰਗਰੂਰ ਵਿੱਚ ਅੱਜ ਸਭ ਤੋਂ ਵੱਧ 163 ਮਾਮਲੇ, ਫਿਰੋਜ਼ਪੁਰ ਵਿੱਚ 121, ਬਠਿੰਡਾ ਵਿੱਚ 80, ਮੁਕਤਸਰ ਵਿੱਚ 64, ਮਾਨਸਾ ਵਿੱਚ 62, ਮੋਗਾ ਵਿੱਚ 48, ਫਰੀਦਕੋਟ ਵਿੱਚ 39, ਤਰਨ ਤਾਰਨ ਵਿੱਚ 27, ਕਪੂਰਥਲਾ ਵਿੱਚ 24, ਪਟਿਆਲਾ ਵਿੱਚ 23, ਮਾਲੇਰਕੋਟਲਾ ਵਿੱਚ 21, ਬਰਨਾਲਾ ਵਿੱਚ 16, ਲੁਧਿਆਣਾ ਵਿੱਚ 10, ਫਤਿਹਗੜ੍ਹ ਸਾਹਿਬ ਤੇ ਫਾਜ਼ਿਲਕਾ ਵਿੱਚ 8-8, ਅੰਮ੍ਰਿਤਸਰ ਵਿੱਚ 6, ਜਲੰਧਰ ਵਿੱਚ 4, ਗੁਰਦਾਸਪੁਰ ਵਿੱਚ 3, ਹੁਸ਼ਿਆਰਪੁਰ, ਮੁਹਾਲੀ ਤੇ ਨਵਾਂ ਸ਼ਹਿਰ ਵਿੱਚ ਇਕ-ਇਕ ਮਾਮਲਾ ਸਾਹਮਣੇ ਆਇਆ ਹੈ।