ਜਸਵੰਤ ਜੱਸ
ਫ਼ਰੀਦਕੋਟ, 9 ਮਈ
ਕਰੋਨਾਵਾਇਰਸ ਕਾਰਨ ਪੰਜਾਬ ਅਤੇ ਗੁਆਂਢੀ ਸੂਬਿਆਂ ਵਿੱਚ ਲਾਈ ਗਈ ਤਾਲਾਬੰਦੀ ਨੇ ਸਬਜ਼ੀਆਂ ਦੇ ਕਾਸ਼ਤਕਾਰਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਚਾਰ ਮਹੀਨਿਆਂ ਦੀ ਸਖ਼ਤ ਮਿਹਨਤ ਨਾਲ ਤਿਆਰ ਹੋਈਆਂ ਗਰਮੀ ਦੀਆਂ ਸਬਜ਼ੀਆਂ ਦਾ ਬਾਜ਼ਾਰ ਵਿੱਚ ਕੋਈ ਗਾਹਕ ਨਹੀਂ ਹੈ। ਤਾਲਾਬੰਦੀ ਕਾਰਨ ਪੰਜਾਬ ਦੇ ਸਾਰੇ ਢਾਬੇ, ਰੈਸਟੋਰੈਂਟ, ਵਿਆਹ-ਸ਼ਾਦੀਆਂ ਦੇ ਸਮਾਗਮ ਲਗਭਗ ਬੰਦ ਹੀ ਹਨ। ਸਬਜ਼ੀਆਂ ਦੇ ਕਾਸ਼ਤਕਾਰ ਸਲੀਮ ਖਾਨ ਨੇ ਦੱਸਿਆ ਕਿ ਉਸ ਨੇ ਅੱਠ ਕਿੱਲੇ ਜ਼ਮੀਨ 55 ਹਜ਼ਾਰ ਰੁਪਏ ਦੇ ਹਿਸਾਬ ਨਾਲ ਠੇਕੇ ’ਤੇ ਲੈ ਕੇ ਕੱਦੂ, ਕਰੇਲੇ, ਖੀਰੇ, ਤੋਰੀਆ, ਟਮਾਟਰ, ਹਰੀਆਂ ਮਿਰਚਾਂ ਆਦਿ ਸਬਜ਼ੀਆਂ ਬੀਜੀਆਂ ਸਨ। ਉਸ ਨੇ ਦੱਸਿਆ ਕਿ ਉਸ ਦੇ ਖੇਤ ਵਿੱਚ ਲਗਾਤਾਰ ਦਸ ਮਜ਼ਦੂਰ ਕੰਮ ਕਰ ਰਹੇ ਹਨ ਪਰ ਮੰਡੀ ਵਿੱਚ ਸਬਜ਼ੀ ਦਾ ਵਾਜਬਿ ਭਾਅ ਨਹੀਂ ਮਿਲ ਰਿਹਾ। ਗੁਲਜ਼ਾਰ ਸਿੰਘ ਅਰਾਈਆਂਵਾਲਾ ਕਲਾਂ ਨੇ ਕਿਹਾ ਕਿ ਉਸ ਨੇ ਵੀ ਸਬਜ਼ੀਆਂ ਦੀ ਖੇਤੀ ਕੀਤੀ ਹੈ ਪਰ ਗੁਆਂਢੀ ਸੂਬਿਆਂ ਦੇ ਦਰਵਾਜ਼ੇ ਬੰਦ ਹੋਣ ਕਰਕੇ ਸਬਜ਼ੀ ਨੂੰ ਹੁਣ ਪਿੰਡ ਜਾਂ ਸ਼ਹਿਰ ਪੱਧਰ ’ਤੇ ਹੀ ਵੇਚਿਆ ਜਾ ਸਕਦਾ ਹੈ। ਜਗਸੀਰ ਸਿੰਘ ਗੋਲੇਵਾਲਾ ਨੇ ਕਿਹਾ ਕਿ ਸਬਜ਼ੀਆਂ ਦੇ ਨਾਲ-ਨਾਲ ਖ਼ਰਬੂਜੇ ਅਤੇ ਤਰਬੂਜ ਦਾ ਵੀ ਮੰਡੀ ਵਿੱਚ ਸਹੀ ਭਾਅ ਨਹੀਂ ਮਿਲ ਰਿਹਾ। ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੇ ਕਿਹਾ ਕਿ ਤਾਲਾਬੰਦੀ ਤੋਂ ਪਹਿਲਾਂ ਲੋੜ ਵੇਲੇ ਮੀਂਹ ਨਹੀਂ ਪਿਆ, ਜਿਸ ਕਰਕੇ ਇਸ ਵਾਰ ਸਬਜ਼ੀਆਂ ਦਾ ਝਾੜ ਵੀ ਪੂਰਾ ਨਹੀਂ ਮਿਲਿਆ।
ਕਿਸਾਨ ਆਗੂ ਰਜਿੰਦਰ ਸਿੰਘ ਵਾਸੀ ਕਿੰਗਰੇ ਨੇ ਦੱਸਿਆ ਕਿ ਪਿਛਲੇ ਸਾਲ ਵੀ ਤਾਲਾਬੰਦੀ ਕਰਕੇ ਸਬਜ਼ੀ ਦੇ ਕਾਸ਼ਤਕਾਰਾਂ ਨੂੰ ਆਪਣੀ ਫ਼ਸਲ ਦਾ ਪੂਰਾ ਭਾਅ ਨਹੀਂ ਮਿਲਿਆ ਸੀ, ਜਿਸ ਕਰਕੇ ਸਬਜ਼ੀ ਦੇ ਕਾਸ਼ਤਕਾਰ ਕਰਜ਼ੇ ਹੇਠ ਦੱਬ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਹਮੇਸ਼ਾ ਫ਼ਸਲੀ ਵਿਭਿੰਨਤਾ ਦੀ ਗੱਲ ਕਰਦੀ ਰਹੀ ਹੈ ਪਰ ਵਿਭਿੰਨਤਾ ਅਪਨਾਉਣ ਵਾਲੇ ਕਿਸਾਨਾਂ ਦੀ ਸਰਕਾਰ ਨੇ ਕਦੇ ਬਾਂਹ ਨਹੀਂ ਫੜੀ। ਮੰਡੀ ਵਿੱਚ ਇਸ ਵੇਲੇ ਟਮਾਟਰ ਤਿੰਨ ਰੁਪਏ ਕਿੱਲੋ, ਖੀਰਾ ਪੰਜ ਰੁਪਏ ਕਿਲੋ, ਤਰਬੂਜ ਛੇ ਰੁਪਏ ਕਿਲੋ ਅਤੇ ਖਰਬੂਜਾ ਅੱਠ ਰੁਪਏ ਕਿਲੋ ਵਿਕ ਰਿਹਾ ਹੈ। ਖੇਤ ਮਜ਼ਦੂਰ ਅਮਰੀਕ ਸਿੰਘ ਵਾਸੀ ਭਾਣਾ ਨੇ ਕਿਹਾ ਕਿ ਜੇਕਰ ਹਾਲਾਤ ਇਹੀ ਰਹੇ ਤਾਂ ਅਗਲੇ ਇਕ ਦੋ ਦਿਨਾਂ ਵਿੱਚ ਸਬਜ਼ੀ ਦੇ ਭਾਅ ਹੋਰ ਵੀ ਥੱਲੇ ਡਿੱਗ ਜਾਣਗੇ।
ਖੇਤੀ ਵਿਗਿਆਨੀ ਡਾ. ਹਰਨੇਕ ਸਿੰਘ ਨੇ ਕਿਹਾ ਕਿ ਵਾਤਾਵਰਨ ਵਿੱਚ ਵੱਡੀ ਪੱਧਰ ’ਤੇ ਤਬਦੀਲੀਆਂ ਹੋ ਰਹੀਆਂ ਹਨ ਅਤੇ ਇਨ੍ਹਾਂ ਤਬਦੀਲੀਆਂ ਦਾ ਅਸਰ ਫ਼ਸਲਾਂ ਫ਼ਲਾਂ ਅਤੇ ਸਬਜ਼ੀਆਂ ’ਤੇ ਵੀ ਪੈ ਰਿਹਾ ਹੈ।