ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਸਤੰਬਰ
ਪੰਜਾਬ ਪੁਲੀਸ ਦੇ ਇਕ ਸਬ-ਇੰਸਪੈਕਟਰ ਦੀ ਕਾਰ ਹੇਠ ਧਮਾਕਾਖੇਜ਼ ਸਮੱਗਰੀ ਲਾਉਣ ਦੇ ਮਾਮਲੇ ਵਿੱਚ ਪੁਲੀਸ ਨੇ ਮੁੱਖ ਮੁਲਜ਼ਮ ਨੂੰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਇਲਾਕੇ ’ਚੋਂ ਉਸ ਦੇ ਦੋ ਸਾਥੀਆਂ ਸਣੇ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਯੁਵਰਾਜ ਸੱਭਰਵਾਲ ਉਰਫ਼ ਯੱਸ਼ ਵਾਸੀ ਨਵੀਂ ਆਬਾਦੀ ਫੈਜ਼ਪੁਰਾ, ਪਵਨ ਕੁਮਾਰ ਉਰਫ਼ ਸ਼ਿਵਾ ਮੱਛੀ ਤੇ ਸਾਹਿਲ ਉਰਫ ਮੱਛੀ ਦੋਵੇਂ ਵਾਸੀ ਚਮਰੰਗ ਰੋਡ ਵਜੋਂ ਹੋਈ ਹੈ। ਇਨ੍ਹਾਂ ਤਿੰਨਾਂ ਖ਼ਿਲਾਫ਼ ਕਈ ਅਪਰਾਧਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਇਹ ਪੁਲੀਸ ਨੂੰ ਲੋੜੀਂਦੇ ਸਨ।
ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਅੱਠ ਮੁਲਜ਼ਮ ਕਾਬੂ ਕੀਤੇ ਗਏ ਹਨ ਤੇ ਹੁਣ ਗ੍ਰਿਫ਼ਤਾਰ ਕੀਤਾ ਗਿਆ ਯੁਵਰਾਜ ਸੱਭਰਵਾਲ ਉਰਫ਼ ਯੱਸ਼ ਮੁੱਖ ਮੁਲਜ਼ਮ ਹੈ। ਉਨ੍ਹਾਂ ਦੱਸਿਆ ਕਿ ਯਸ਼ ਨੇ 16 ਅਗਸਤ ਦੀ ਰਾਤ ਨੂੰ ਆਪਣੇ ਇੱਕ ਸਾਥੀ ਦੀਪਕ ਵਾਸੀ ਪੱਟੀ ਨਾਲ ਮਿਲ ਕੇ ਸਥਾਨਕ ਰਣਜੀਤ ਐਵੇਨਿਊ ਇਲਾਕੇ ਵਿੱਚ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਹੇਠ ਧਮਾਕਾਖੇਜ਼ ਸਮੱਗਰੀ ਲਾਈ ਸੀ ਤੇ ਇਹ ਕਾਰਵਾਈ ਕੈਨੇਡਾ ਵਿਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਨਿਰਦੇਸ਼ ’ਤੇ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਯਸ਼ ਨੂੰ ਅੱਜ ਇਥੇ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਪੁੱਛ-ਪੜਤਾਲ ਲਈ ਸੱਤ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਫਿਲਹਾਲ ਇਨ੍ਹਾਂ ਨੂੰ ਮਜੀਠਾ ਰੋਡ ਇਲਾਕੇ ਵਿੱਚ ਹੋਈ ਇੱਕ ਡਕੈਤੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।