ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 13 ਮਾਰਚ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਵੱਡੀ ਜਿੱਤ ਤੋਂ ਬਾਅਦ ਅੱਜ ਇਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਲੋਕਾਂ ਦੇ ਧੰਨਵਾਦ ਲਈ ਰੋਡਸ਼ੋਅ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਆਮਦ ’ਤੇ ਕੁਝ ਸਮੇਂ ਲਈ ਜੱਲ੍ਹਿਆਂਵਾਲਾ ਬਾਗ ਦਾ ਮੁੱਖ ਦਰਵਾਜ਼ਾ ਲੋਕਾਂ ਲਈ ਬੰਦ ਰੱਖਿਆ ਗਿਆ। ਸ਼ਹਿਰ ਵਿੱਚ ਕੱਢੇ ਇਸ ਰੋਡਸ਼ੋਅ ਕਾਰਨ ਆਵਾਜਾਈ ਵਿੱਚ ਵੀ ਵਿਘਨ ਪਿਆ।
ਮਿਲੇ ਵੇਰਵਿਆਂ ਮੁਤਾਬਕ ਅੱਜ ਜਦੋਂ ਸ੍ਰੀ ਕੇਜਰੀਵਾਲ, ਭਗਵੰਤ ਮਾਨ ਤੇ ਹੋਰ ਆਗੂ ਜੱਲ੍ਹਿਆਂਵਾਲਾ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਗਏ ਤਾਂ ਉਨ੍ਹਾਂ ਦੇ ਅੰਦਰ ਦਾਖਲ ਹੋਣ ਤੋਂ ਬਾਅਦ ਬਾਗ਼ ਦੇ ਮੁੱਖ ਦੁਆਰ ’ਤੇ ਤਾਇਨਾਤ ਸੁਰੱਖਿਆ ਕਰਮੀਆਂ ਵੱਲੋਂ ਸਮਾਰਕ ਦਾ ਮੁੱਖ ਦਰਵਾਜ਼ਾ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਤੇ ਇਹ ਦਰਵਾਜ਼ਾ ਉਨ੍ਹਾਂ ਦੀ ਵਾਪਸੀ ਤੱਕ ਬੰਦ ਰਿਹਾ। ਅੱਜ ਐਤਵਾਰ ਹੋਣ ਕਾਰਨ ਇਥੇ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ ਤੇ ਦਰਵਾਜ਼ੇ ਬੰਦ ਕੀਤੇ ਜਾਣ ਦਾ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਗਿਆ। ਇਸੇ ਦੌਰਾਨ ਹੈਰੀਟੇਜ ਸਟਰੀਟ ਵਿੱਚ 328 ਸਰੂਪਾਂ ਦੇ ਮਾਮਲੇ ’ਚ ਕਾਰਵਾਈ ਦੀ ਮੰਗ ਸਬੰਧੀ ਪਿਛਲੇ ਇੱਕ ਸਾਲ ਤੋਂ ਧਰਨੇ ’ਤੇ ਬੈਠੇ ਸਿੱਖ ਸਦਭਾਵਨਾ ਦਲ ਦੇ ਵਰਕਰਾਂ ਨੇ ‘ਆਪ’ ਦੇ ਕਾਫ਼ਲੇ ਨੂੰ ਆਪਣੀ ਮੰਗ ਸਬੰਧੀ ਪੋਸਟਰ ਵੀ ਦਿਖਾਏ।
ਇਸ ਰੋਡਸ਼ੋਅ ਬਾਰੇ ਟਿੱਪਣੀ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ ਨੇ ਦੋਸ਼ ਲਾਇਆ ਕਿ ਅੱਜ ਦੇ ਰੋਡਸ਼ੋਅ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਗਈ ਹੈ। ਇਸੇ ਤਰ੍ਹਾਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਵੀ ‘ਆਪ’ ’ਤੇ ਰੋਡਸ਼ੋਅ ਲਈ ਸਰਕਾਰੀ ਖਜ਼ਾਨੇ ਨੂੰ ਖੋਰਾ ਲਾਉਣ ਦਾ ਦੋਸ਼ ਲਾਇਆ ਹੈ।