ਮਾਨਵ ਮੰਡੇਰ
ਮੁੱਖ ਅੰਸ਼
- ਹੇਡੋਂ ਬੇਟ ’ਚ ਹੈ ਸੌ ਸਾਲ ਪੁਰਾਣੀ ਮਸਜਿਦ
- ਪਿੰਡ ਵਿੱਚ ਨਹੀਂ ਕੋਈ ਮੁਸਲਿਮ ਪਰਿਵਾਰ
ਲੁਧਿਆਣਾ, 14 ਅਗਸਤ
ਵੰਡ ਦਾ ਸੰਤਾਪ ਝੱਲਣ ਦੇ ਬਾਵਜੂੁਦ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹੇਡੋਂ ਬੇਟ ਵਿੱਚ ਸੌ ਸਾਲ ਪੁਰਾਣੀ ਮਸਜਿਦ ਭਾਈਚਾਰਕ ਏਕਤਾ ਦਾ ਪ੍ਰਤੀਕ ਬਣੀ ਹੋਈ ਹੈ। ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਹੁਣ ਇਸ ਪਿੰਡ ਵਿੱਚ ਕੋਈ ਵੀ ਮੁਸਲਮਾਨ ਨਹੀਂ ਰਹਿੰਦਾ ਪਰ ਮਸਜਿਦ ਵਿੱਚ ਹਾਲੇ ਵੀ ਦੁਆ ਮੰਗੀ ਜਾਂਦੀ ਹੈ ਅਤੇ ਰੋਜ਼ਾਨਾ ਦੀਵਾ ਜਗਾਇਆ ਜਾਂਦਾ ਹੈ। ਕਈ ਦਹਾਕਿਆਂ ਤੋਂ ਪਿੰਡ ਦੇ ਹਿੰਦੂਆਂ ਤੇ ਸਿੱਖਾਂ ਵੱਲੋਂ ਮਸਜਿਦ ਦੀ ਸੰਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਲਈ ਇਹ ਆਸਥਾ ਦਾ ਪਵਿੱਤਰ ਸਥਾਨ ਹੈ।
ਪਿੰਡ ਦੇ 56 ਸਾਲਾ ਵਿਅਕਤੀ ਪ੍ਰੇਮ ਚੰਦ ਨੇ 2009 ਵਿੱਚ ਇਸ ਮਸਜਿਦ ਦੀ ਸਾਂਭ ਸੰਭਾਲ ਦਾ ਜ਼ਿੰਮਾ ਇੱਕ ਸੂਫੀ ਸੰਤ ਦੇ ਇੰਤਕਾਲ ਤੋਂ ਬਾਅਦ ਸੰਭਾਲਿਆ ਸੀ, ਜਿਹੜਾ ਕਈ ਵਰ੍ਹੇ ਇਸ ਸਥਾਨ ਦੀ ਦੇਖਭਾਲ ਕਰਦਾ ਰਿਹਾ। ਪ੍ਰੇਮ ਚੰਦ ਦਿਨ ਵਿੱਚ ਦੋ ਵਾਰ ਮਸਜਿਦ ਜਾਂਦਾ ਹੈ ਅਤੇ ਅਹਾਤੇ ਦੀ ਸਾਫ਼ ਸਫ਼ਾਈ ਕਰਦਾ ਹੈ। ਉਹ ਉੱਥੇ ਸਿਜਦਾ ਕਰਦਾ ਹੈ ਅਤੇ ਸ਼ਾਮ ਵੇਲੇ ਮਸਜਿਦ ਵਿੱਚ ਦੀਵਾ ਜਗਾਉਣਾ ਕਦੇ ਨਹੀਂ ਭੁੱਲਦਾ। ਪ੍ਰੇਮ ਚੰਦ ਨੇ ਕਿਹਾ, ‘‘ਇੱਥੇ ਆਉਣ ਤੋਂ ਬਿਨਾਂ ਅਤੇ ਸੂਫੀ ਸੰਤ ਵੱਲੋਂ ਪੜ੍ਹਾਏ ਕੁਝ ਸ਼ਬਦ ਉਚਾਰਨ ਤੋਂ ਬਗ਼ੈਰ ਮੇਰਾ ਦਿਨ ਪੂਰਾ ਦਿਨ ਨਹੀਂ ਹੁੰਦਾ। ਸਿਹਤ ਨਾਸਾਜ਼ ਹੋਣ ਦੇ ਬਾਵਜੂਦ ਇਸ ਸਥਾਨ ਵਿੱਚ ਮੇਰਾ ਵਿਸ਼ਵਾਸ ਮੈਨੂੰ ਇਹ ਕਰਮ ਕਰਦੇ ਰਹਿਣ ਦੀ ਤਾਕਤ ਦਿੰਦਾ ਹੈ।’’ਵੰਡ ਸਮੇਂ ਇੱਥੋਂ ਚਲੇ ਗਏ ਮੁਸਲਿਮ ਪਰਿਵਾਰਾਂ ਦੀ ਯਾਦ ਵਿੱਚ ਮਸਜਿਦ ਵਿੱਚ ਤੇ ਹਰ ਸਾਲ ਮਈ ਮਹੀਨੇ ਲੰਗਰ ਲਾਇਆ ਜਾਂਦਾ ਹੈ। ਪਿੰਡ ਵਾਸੀ ਅਮਰੀਕ ਸਿੰਘ (68) ਨੇ ਦੱਸਿਆ, ‘‘ਲਗਪਗ 50 ਮੁਸਲਿਮ ਪਰਿਵਾਰ ਪਿੰਡ ਵਿੱਚ ਰਹਿੰਦੇ ਸਨ। ਉਹ ਇੱਥੇ ਰੋਜ਼ਾਨਾ ਨਮਾਜ਼ ਪੜ੍ਹਦੇ ਸਨ। ਹਾਲਾਂਕਿ ਹੁਣ ਪਿੰਡ ਵਿੱਚ ਇੱਕ ਵੀ ਮੁਸਲਿਮ ਪਰਿਵਾਰ ਨਹੀਂ ਰਹਿੰਦਾ ਅਤੇ ਇਸ ਕਰਕੇ ਅਸੀਂ ਇਸ ਪਵਿੱਤਰ ਸਥਾਨ ਦੀ ਪੂਰੀ ਸਾਂਭ ਸੰਭਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।’’ ਪਿੰਡ ਦੇ ਸਰਪੰਚ ਗੁਰਪਾਲ ਸਿੰਘ ਜਿਨ੍ਹਾਂ ਦਾ ਪਰਿਵਾਰ 1947 ਵਿੱਚ ਸਿਆਲਕੋਟ ਤੋਂ ਇੱਥੇ ਆਇਆ ਸੀ, ਨੇ ਕਿਹਾ, ‘‘ਅਸੀਂ ਇਸ ‘‘ਰੱਬ ਦੇ ਘਰ’ ਦੀ ਸਾਂਭ ਸੰਭਾਲ ਕਿਉਂ ਨਹੀਂ ਕਰ ਸਕਦੇ? ਸਾਡੇ ਪਿੰਡ ਵਿੱਚ ਇੱਕ ਗੁਰਦੁਆਰਾ ਤੇ ਇੱਕ ਮਸਜਿਦ ਵੀ ਹੈ ਪਰ ਇਹ ਮਸਜਿਦ ਸਾਡੇ ਲਈ ਬਰਾਬਰ ਅਹਿਮੀਅਤ ਰੱਖਦੀ ਹੈ। ਅਸੀਂ ਆਪਣੀਆਂ ਸੇਵਾਵਾਂ ਦੇ ਰਹੇ ਹਾਂ ਕਿਉਂਕਿ ਪ੍ਰਮਾਤਮਾ ਇੱਕ ਹੈ ਜੋ ਸਾਰੇ ਧਰਮਾਂ ਨੂੰ ਜੋੜਦਾ ਹੈ।’’ ਉਨ੍ਹਾਂ ਕਿਹਾ ਕਿ ਲੱਗਪਗ 1920 ਵਿੱਚ ਬਣੀ ਹੋਣ ਕਾਰਨ ਇਹ ਮਸਜਿਦ ਪੁਰਾਤੱਤਵ ਅਹਿਮੀਅਤ ਵਾਲੀ ਜਗ੍ਹਾ ਹੈ। ਸਰਪੰਚ ਨੇ ਕਿਹਾ, ‘‘ਪਿੰਡ ਵੱਲੋਂ ਮਸਜਿਦ ਨੂੰ ਬਚਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਰਕਾਰ ਨੂੰ ਇਸ ਨੂੰ ਸੰਭਾਲਣਾ ਚਾਹੀਦਾ ਹੈ।’’