ਤੇਜਿੰਦਰ ਸਿੰਘ ਖਾਲਸਾ
ਚੋਹਲਾ ਸਾਹਿਬ, 10 ਨਵੰਬਰ
ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਚੋਹਲਾ ਸਾਹਿਬ ਵਿੱਚ ਮੰਗਲਵਾਰ ਰਾਤ ਨੂੰ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਅਰਨੇਜਾ ਕਲਾਥ ਹਾਊਸ ਦੇ ਮਾਲਕ ਜਗਮੋਹਨ ਸਿੰਘ ਅਰਨੇਜਾ ਦੇ ਘਰ ਵਿੱਚ ਦਾਖਲ ਹੋ ਕੇ 60 ਲੱਖ ਦੀ ਨਕਦੀ ਅਤੇ 6 ਕਿੱਲੋ ਸੋਨੇ ਦੇ ਗਹਿਣੇ ਲੁੱਟ ਲਏ। ਲੁਟੇਰੇ ਘਰ ਵਿਚ ਲੱਗੇ ਸੀਸੀਟੀਵੀ ਕੈਮਰੇ ਤੋੜ ਕੇ ਡੀਵੀਆਰ ਵੀ ਨਾਲ ਲੈ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਚੋਹਲਾ ਸਾਹਿਬ ਦੇ ਮੇਨ ਬਾਜ਼ਾਰ ਸਥਿਤ ਕਲਾਥ ਹਾਊਸ ਦੇ ਉੱਪਰ ਹੀ ਜਗਮੋਹਨ ਸਿੰਘ ਦੀ ਰਿਹਾਇਸ਼ ਹੈ। ਜਗਮੋਹਨ ਸਿੰਘ ਸੋਨੇ ਦੇ ਗਹਿਣੇ ਗਿਰਵੀ ਰੱਖ ਕੇ ਵਿਆਜ ’ਤੇ ਪੈਸੇ ਦੇਣ ਦਾ ਕੰਮ ਵੀ ਕਰਦਾ ਹੈ। ਮੰਗਲਵਾਰ ਸ਼ਾਮ ਨੂੰ ਅੱਠ ਵਜੇ ਇੱਕ ਨੌਜਵਾਨ ਨੇ ਦਰਵਾਜ਼ੇ ’ਤੇ ਦਸਤਕ ਦਿੱਤੀ ਤੇ ਪੱਗਾਂ ਲੈਣ ਦੀ ਗੱਲ ਆਖੀ। ਜਗਮੋਹਨ ਸਿੰਘ ਨੇ ਨੌਜਵਾਨ ਦੇ ਜ਼ਿਆਦਾ ਜ਼ੋਰ ਪਾਉਣ ’ਤੇ ਉਸ ਨੂੰ ਅੰਦਰ ਬੁਲਾ ਲਿਆ। ਪੰਜ ਮਿੰਟਾਂ ਬਾਅਦ ਦੋ ਨਕਾਬਪੋਸ਼ ਨੌਜਵਾਨ ਉੱਥੇ ਆਏ ਤੇ ਜਗਮੋਹਨ ਸਣੇ ਉਸ ਦੇ ਪੁੱਤਰ ਜੈਮਲ ਸਿੰਘ ਲੱਕੀ ਦੀ ਗਰਦਨ ’ਤੇ ਦਾਤਰ ਰੱਖ ਕੇ ਉਨ੍ਹਾਂ ਤੋਂ ਅਲਮਾਰੀ ਦੀਆਂ ਚਾਬੀਆਂ ਮੰਗੀਆਂ। ਵਿਰੋਧ ਕਰਨ ’ਤੇ ਉਨ੍ਹਾਂ ਜਗਮੋਹਨ, ਲੱਕੀ ਤੇ ਉਸ ਦੀ ਪਤਨੀ ਦੀ ਕੁੱਟਮਾਰ ਕੀਤੀ ਤੇ ਸਾਰੇ ਪਰਿਵਾਰ ਨੂੰ ਬੰਦੀ ਬਣਾ ਲਿਆ।
ਲੁਟੇਰਿਆਂ ਨੇ 60 ਲੱਖ ਦੀ ਨਕਦੀ ਤੇ 6 ਕਿੱਲੋ ਸੋਨੇ ਦੇ ਗਹਿਣੇ ਲੁੱਟ ਲਏ। ਡੀਐੱਸਪੀ ਭੁਪਿੰਦਰ ਸਿੰਘ ਤੇ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਪਰਿਵਾਰ ਦੇ ਬਿਆਨ ਦਰਜ ਕਰਕੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।