ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 14 ਅਕਤੂਬਰ
ਇੱਥੋਂ ਨੇੜਲੇ ਪਿੰਡ ਸਲੇਮਪੁਰਾ ਦੀਆਂ ਸੈਂਕੜੇ ਵੋਟਾਂ ਕਿਸੇ ਹੋਰ ਪਿੰਡ ਵਿੱਚ ਤਬਦੀਲ ਕਰਨ ਤੋਂ ਨਾਰਾਜ਼ ਪਿੰਡ ਵਾਸੀਆਂ ਨੇ ਅੱਜ ਵੋਟਾਂ ਦਾ ਹੱਕ ਖੋਹੇ ਜਾਣ ਦੇ ਰੋਸ ਵਜੋਂ ਪੋਲਿੰਗ ਬੂਥ ਨੂੰ ਤਾਲਾ ਲਗਾ ਦਿੱਤਾ। ਇਸ ਤੋਂ ਪਹਿਲਾਂ ਪਿੰਡ ਵਾਸੀਆਂ ਨੇ ਸ਼ਨਿੱਚਰਵਾਰ ਨੂੰ ਜਗਰਾਉਂ-ਜਲੰਧਰ ਮੁੱਖ ਮਾਰਗ ’ਤੇ ਕਸਬਾ ਸਿੱਧਵਾਂ ਬੇਟ ਵਿੱਚ ਧਰਨਾ ਲਾ ਕੇ ਆਵਾਜਾਈ ਠੱਪ ਕੀਤੀ ਸੀ। ਕਈ ਘੰਟੇ ਦੇ ਰੋਸ ਪ੍ਰਦਰਸ਼ਨ ਮਗਰੋਂ ਨਾਇਬ ਤਹਿਸੀਲਦਾਰ ਨੇ ਮੌਕੇ ’ਤੇ ਪਹੁੰਚ ਕੇ ਵੋਟਰ ਸੂਚੀਆਂ ਦੀ ਪੜਤਾਲ ਕਰਕੇ ਕਾਰਵਾਈ ਦਾ ਭਰੋਸਾ ਦੇ ਕੇ ਧਰਨਾ ਚੁਕਵਾਇਆ ਸੀ। ਇਸੇ ਮਸਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਹਾਈ ਕੋਰਟ ਵਿੱਚ ਇਕ ਪਟੀਸ਼ਨ ਵੀ ਪਾਈ ਹੋਈ ਹੈ। ਦੁਪਹਿਰ ਤੱਕ ਜਦੋਂ ਪ੍ਰਸ਼ਾਸਨ ਨੇ ਕੋਈ ਹੱਲ ਨਾ ਕੱਢਿਆ ਤਾਂ ਰੋਸ ਵਜੋਂ ਕੁਝ ਪਿੰਡ ਵਾਸੀ ਵੋਟਾਂ ਪਾਉਣ ਲਈ ਬਣਾਏ ਬੂਥ ’ਤੇ ਪਹੁੰਚੇ। ਅਰਸ਼ਪ੍ਰੀਤ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਪਿੰਡ ਸਲੇਮਪੁਰਾ ਦੀਆਂ ਸੱਤ ਸੌ ਦੇ ਕਰੀਬ ਵੋਟਾਂ ਹੰਬੜਾ ਨੇੜਲੇ ਪਿੰਡ ਸਲੇਮਪੁਰਾ ਟਿੱਬਾ ਨਾਲ ਜੋੜ ਦਿੱਤੀਆਂ ਗਈਆਂ ਹਨ। ਰੋਸ ਵਜੋਂ ਪਿੰਡ ਦੇ ਸਕੂਲ ’ਚ ਬਣੇ ਪੋਲਿੰਗ ਬੂਥ ਨੂੰ ਜਿੰਦਰਾ ਲਾ ਕੇ ਉਨ੍ਹਾਂ ਕਿਹਾ ਕਿ ਹੁਣ ਕਿਸੇ ਨੂੰ ਵੀ ਵੋਟ ਨਹੀਂ ਪਾਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਸੈਂਕੜੇ ਪਿੰਡ ਵਾਸੀਆਂ ਦਾ ਵੋਟ ਪਾਉਣ ਦਾ ਹੱਕ ਅਧਿਕਾਰੀਆਂ ਦੀ ਗਲਤੀ ਨਾਲ ਖੋਹਿਆ ਗਿਆ ਹੈ ਤਾਂ ਬਾਕੀ ਪਿੰਡ ਵਾਸੀ ਵੀ ਵੋਟ ਨਹੀਂ ਪਾਉਣਗੇ ਤੇ ਪੰਚਾਇਤੀ ਚੋਣਾਂ ਦਾ ਬਾਈਕਾਟ ਕਰਨਗੇ। ਪਿੰਡ ਵਾਸੀਆਂ ਨੇ ਕਿਹਾ ਕਿ ਪਹਿਲਾਂ ਤਾਂ ਰਾਖਵਾਂਕਰਨ ਸੂਚੀ ਵਿੱਚ ਹਾਕਮ ਧਿਰ ਦੀ ਮਰਜ਼ੀ ਚੱਲੀ, ਫਿਰ ਵੋਟਰ ਸੂਚੀਆਂ ਦੇਣ ’ਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬਹੁਤ ਦੇਰੀ ਕੀਤੀ ਅਤੇ ਜਦੋਂ ਇਹ ਸੂਚੀਆਂ ਮਿਲੀਆਂ ਤਾਂ ਦੇਖ ਕੇ ਪਤਾ ਲੱਗਿਆ ਕਿ ਕਸਬਾ ਸਿੱਧਵਾਂ ਬੇਟ ਦੇ ਬਿਲਕੁਲ ਨਾਲ ਲੱਗਦੇ ਛੋਟੇ ਜਿਹੇ ਪਿੰਡ ਦੀਆਂ ਜੇਕਰ ਸੱਤ ਸੌ ਵੋਟਾਂ ਹੀ ‘ਗਾਇਬ’ ਹੋ ਗਈਆਂ ਤਾਂ ਪਿੱਛੇ ਕੀ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਨਾਇਬ ਤਹਿਸੀਲਦਾਰ ਸੁਰਿੰਦਰ ਪੱਬੀ ਨੇ ਭਰੋਸਾ ਦਿੱਤਾ ਸੀ ਕਿ ਵੋਟਰ ਸੂਚੀ ਸਹੀ ਕਰਕੇ ਹੀ ਵੋਟਾਂ ਪੈਣ ਦਾ ਕੰਮ ਅੱਗੇ ਵਧੇਗਾ ਪਰ ਹੁਣ ਪੋਲਿੰਗ ਸਟਾਫ ਵੀ ਬੂਥਾਂ ’ਤੇ ਪਹੁੰਚਣਾ ਸ਼ੁਰੂ ਹੋ ਗਿਆ ਤੇ ਉਨ੍ਹਾਂ ਦਾ ਹੱਕ ਬਹਾਲ ਨਹੀਂ ਹੋਇਆ ਹੈ।
ਆਮ ਵਾਂਗ ਪੈਣਗੀਆਂ ਵੋਟਾਂ: ਅਧਿਕਾਰੀ
ਨਾਇਬ ਤਹਿਸੀਲਦਾਰ ਸੁਰਿੰਦਰ ਪੱਬੀ ਨੇ ਕਿਹਾ ਕਿ ਭਲਕੇ ਹੋਰਨਾਂ ਬੂਥਾਂ ਵਾਂਗ ਇਸ ਬੂਥ ’ਤੇ ਵੀ ਆਮ ਵਾਂਗ ਵੋਟਾਂ ਪੈਣਗੀਆਂ। ਪਿਛਲੇ ਸਾਲ ਪਹਿਲੀ ਜਨਵਰੀ ਨੂੰ ਜਦੋਂ ਪਿੰਡ ਸਲੇਮਪੁਰਾ, ਨਵਾਂ ਸਲੇਮਪੁਰਾ ਤੇ ਸਲੇਮਪੁਰ ਟਿੱਬਾ ਦੀਆਂ ਵੋਟਰ ਸੂਚੀਆਂ ਬਣੀਆਂ ਸਨ ਤਾਂ ਕਿਸੇ ਨੇ ਇਸ ’ਤੇ ਇਤਰਾਜ਼ ਦਰਜ ਨਹੀਂ ਕਰਵਾਇਆ, ਜੇਕਰ ਉਦੋਂ ਪਿੰਡ ਵਾਸੀ ਇਤਰਾਜ਼ ਕਰਦੇ ਤਾਂ ਸੁਧਾਈ ਹੋ ਜਾਣੀ ਸੀ। ਉਨ੍ਹਾਂ ਕਿਹਾ ਕਿ ਮਾਮਲਾ ਸਿਆਸੀ ਹੈ ਜਿਸ ਨੂੰ ਹੁਣ ਤੂਲ ਦਿੱਤੀ ਜਾ ਰਹੀ ਹੈ।