ਜਗਮੋਹਨ ਸਿੰਘ
ਰੂਪਨਗਰ, 26 ਜੂਨ
ਇੱਥੇ ਅੱਜ ਰੂਪਨਗਰ ਦੇ ਐੱਸਐੱਚਓ ਸਦਰ ਦੀਪਇੰਦਰ ਸਿੰਘ ਨੇ ਆਪਣੀ ਟੀਮ ਰਾਹੀਂ ਇਕ ਨਕਲੀ ਗਾਹਕ ਨੂੰ ਘਨੌਲੀ-ਨਾਲਾਗੜ੍ਹ ਰੋਡ ’ਤੇ ਸਥਿਤ ਮੈਡੀਕਲ ਸਟੋਰ ਤੇ ਪ੍ਰੈਗਾਬਲਿਨ ਦਵਾਈ ਲੈਣ ਲਈ ਭੇਜਿਆ। ਇਹ ਦਵਾਈ ਦਰਦ ਨਿਵਾਰਕ ਵਜੋਂ ਇਸਤੇਮਾਲ ਕੀਤੀ ਜਾਂਦੀ ਹੈ। ਇਸ ਨੂੰ ਹੁਣ ਨਸ਼ੇੜੀ ਨਸ਼ੇ ਲਈ ਵਰਤਣ ਲੱਗ ਪਏ ਹਨ। ਜਦੋਂ ਇਸ ਨਕਲੀ ਗਾਹਕ ਨੇ ਉਕਤ ਮੈਡੀਕਲ ਸਟੋਰ ਤੋਂ ਦਵਾਈਆਂ ਦਾ ਪੱਤਾ ਲਿਆ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਤਾਂ ਉਨ੍ਹਾਂ ਪੁਲੀਸ ਚੌਕੀ ਘਨੌਲੀ ਦੇ ਇੰਚਾਰਜ ਹਰਮੇਸ਼ ਕੁਮਾਰ ਅਤੇ ਡਰੱਗ ਇੰਸਪੈਕਟਰ ਰੂਪਨਗਰ ਹਰਪ੍ਰੀਤ ਕੌਰ ’ਤੇ ਆਧਾਰਿਤ ਸਾਂਝੀ ਟੀਮ ਨੂੰ ਕਾਰਵਾਈ ਲਈ ਦੁਕਾਨ ’ਤੇ ਭੇਜਿਆ। ਟੀਮ ਨੇ ਦੁਕਾਨ ’ਤੇ ਛਾਪਾ ਮਾਰਿਆ ਤਾਂ ਮੌਕੇ ਤੋਂ ਵੱਡੀ ਮਾਤਰਾ ਵਿੱਚ ਪ੍ਰੈਗਾਬਲਿਨ ਦਵਾਈ ਬਰਾਮਦ ਹੋਈ, ਜਿਸ ਸਬੰਧੀ ਨਾ ਤਾਂ ਮੈਡੀਕਲ ਸਟੋਰ ਮਾਲਕ ਟੀਮ ਨੂੰ ਕੋਈ ਤਸੱਲੀਬਖਸ਼ ਜਵਾਬ ਦੇ ਸਕਿਆ ਅਤੇ ਨਾ ਹੀ ਸਟੋਰ ’ਚ ਪਈ ਦਵਾਈ ਦੇ ਬਿੱਲ ਪੇਸ਼ ਕਰ ਸਕਿਆ।