ਪੱਤਰ ਪ੍ਰੇਰਕ
ਚੰਡੀਗੜ੍ਹ, 11 ਸਤੰਬਰ
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੀ 12 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਹੋਣ ਵਾਲੀ ਮੀਟਿੰਗ ਦਾ ਵੀ ਸਥਾਨ ਬਦਲ ਦਿੱਤਾ ਗਿਆ ਹੈ ਅਤੇ ਇਹ ਮੀਟਿੰਗ ਹੁਣ ਕੈਬਨਿਟ ਸਬ-ਕਮੇਟੀ ਨਾਲ ਰੱਖ ਦਿੱਤੀ ਗਈ ਹੈ, ਜਿਸ ਦਾ ਫਰੰਟ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਹੈ। ਫਰੰਟ ਨੇ ਸਰਕਾਰ ਵਿੱਚ ਬੇਵਿਸ਼ਵਾਸੀ ਪ੍ਰਗਟਾਉਂਦਿਆਂ 12 ਸਤੰਬਰ ਨੂੰ ਵਿੱਤ ਤੇ ਯੋਜਨਾ ਭਵਨ ਸੈਕਟਰ 33 ਵਿੱਚ ਹੋਣ ਵਾਲੀ ਮੀਟਿੰਗ ਵਿੱਚ ਨਾ ਜਾਣ ਦਾ ਐਲਾਨ ਕਰ ਦਿੱਤਾ ਹੈ। ਫਰੰਟ ਦੇ ਕਨਵੀਨਰ ਕਰਮ ਸਿੰਘ ਧਨੋਆ, ਜਸਵੀਰ ਸਿੰਘ ਤਲਵਾੜਾ, ਬਾਜ ਸਿੰਘ ਖਹਿਰਾ ਨੇ ਕਿਹਾ ਕਿ ਫਰੰਟ ਵੱਲੋਂ ਕੀਤੇ ਜਾ ਰਹੇ ਸੰਘਰਸ਼ਾਂ ਦੇ ਮੱਦੇਨਜ਼ਰ ਹਰ ਵਾਰ ਮੁੱਖ ਮੰਤਰੀ ਨਾਲ ਮੀਟਿੰਗਾਂ ਦਾ ਸਮਾਂ ਮਿਲਣ ’ਤੇ ਆਸਵੰਦ ਹੋ ਜਾਂਦੇ ਹਨ ਪਰ ਮਗਰੋਂ ਕੋਈ ਨਾ ਕੋਈ ਹਵਾਲਾ ਦੇ ਕੇ ਮੀਟਿੰਗ ਅੱਗੇ ਪਾ ਦਿੱਤੀ ਜਾਂਦੀ ਹੈ ਅਤੇ ਜਾਂ ਫਿਰ ਸਮਾਂ ਤੇ ਸਥਾਨ ਬਦਲ ਦਿੱਤੇ ਜਾਂਦੇ ਹਨ। ਅਜਿਹਾ ਹੀ ਇੱਕ ਪੱਤਰ ਅੱਜ ਭੇਜ ਕੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ 12 ਸਤੰਬਰ ਵਾਲੀ ਮੀਟਿੰਗ ਵਿੱਤ ਤੇ ਯੋਜਨਾ ਭਵਨ ਸੈਕਟਰ 33 ਵਿੱਚ ਰੱਖ ਦਿੱਤੀ ਗਈ, ਜਿਸ ਨੂੰ ਲੈ ਕੇ ਸਮੁੱਚੇ ਮੁਲਾਜ਼ਮ ਵਰਗ ਵਿੱਚ ਰੋਸ ਪੈਦਾ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਹੁਣ ਤੱਕ ਅੱਠ ਵਾਰ ਮੀਟਿੰਗਾਂ ਮੁਲਤਵੀ ਕੀਤੇ ਜਾਣ ਮਗਰੋਂ 3 ਸਤੰਬਰ ਨੂੰ ਫਰੰਟ ਦੀ ਰੋਸ ਰੈਲੀ ਦੌਰਾਨ ਮਟਕਾ ਚੌਕ ਸੈਕਟਰ 17 ਵਿੱਚ ਓਐੱਸਡੀ ਨਵਰਾਜ ਬਰਾੜ ਵੱਲੋਂ ਦਿੱਤੇ ਗਏ ਪੱਤਰ ਵਿੱਚ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿੱਚ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ। ਮੁਲਾਜ਼ਮ ਭਲਕੇ ਹੋਣ ਵਾਲੀ ਮੀਟਿੰਗ ਦੀ ਪੂਰੀ ਤਿਆਰੀ ਕਰੀ ਬੈਠੇ ਸਨ ਕਿ ਅੱਜ ਫਿਰ ਓਹੀ 22 ਅਗਸਤ ਵਾਲਾ ਪੁਰਾਣਾ ਪੱਤਰ ਫਰੰਟ ਦੇ ਆਗੂਆਂ ਨੂੰ ਭੇਜ ਦਿੱਤਾ ਗਿਆ ਜਿਸ ਵਿੱਚ ਮੀਟਿੰਗ ਪੰਜਾਬ ਭਵਨ ਸੈਕਟਰ 3 ਵਿੱਚ ਦਰਸਾਈ ਗਈ।
ਇਸੇ ਦੌਰਾਨ ਫਰੰਟ ਦੇ ਕੁਝ ਕੁ ਆਗੂਆਂ ਨੂੰ ਅੱਜ ਹੀ ਇੱਕ ਹੋਰ ਪੱਤਰ ਡਿਪਟੀ ਕਮਿਸ਼ਨਰ ਦਫ਼ਤਰ ਮੁਹਾਲੀ ਵੱਲੋਂ ਜਾਰੀ ਕੀਤਾ ਹੋਇਆ ਮਿਲਿਆ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਸੂਬਾ ਕਨਵੀਨਰ ਵਰਿੰਦਰ ਸਿੰਘ ਮੋਮੀ, ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਮੋਰਚਾ ਦੇ ਕਨਵੀਨਰ ਸਤੀਸ਼ ਰਾਣਾ, ਸੀਪੀਐੱਫ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ, 3704-ਅਧਿਆਪਕ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਦੇ ਨਾਂ ਡਿਪਟੀ ਕਮਿਸ਼ਨਰ ਮੁਹਾਲੀ ਦਫ਼ਤਰ ਵੱਲੋਂ ਭੇਜੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ 12 ਸਤੰਬਰ ਨੂੰ ਪੰਜਾਬ ਭਵਨ ਸੈਕਟਰ 3 ਵਿਖੇ ਹੋਣ ਵਾਲੀ ਮੀਟਿੰਗ ਹੁਣ ਸੈਕਟਰ 33 ਸਥਿਤ ਵਿੱਤ ਤੇ ਯੋਜਨਾ ਭਵਨ ਵਿੱਚ ਕੈਬਨਿਟ ਸਬ-ਕਮੇਟੀ ਨਾਲ ਹੋਵੇਗੀ। ਇਨ੍ਹਾਂ ਚਾਰੇ ਜਥੇਬੰਦੀਆਂ ਦੇ ਆਗੂਆਂ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਫਰੰਟ ਦੀ ਮੰਗ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਿਨਾਂ ਹੋਰ ਕਿਸੇ ਨਾਲ ਵੀ ਮੀਟਿੰਗ ਮਨਜ਼ੂਰ ਨਹੀਂ ਹੈ।