ਹੁਸ਼ਿਆਰਪੁਰ, 5 ਅਕਤੂਬਰ
ਮੁੱਖ ਅੰਸ਼
- ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਤੋਂ ਪਰਿਵਾਰਕ ਮੈਂਬਰ ਅਮਰੀਕਾ ਰਵਾਨਾ
- ਅਮਰੀਕਾ ’ਚ ਪੁਲੀਸ ਨੇ ਇਕ ਵਿਅਕਤੀ ਨੂੰ ਹਿਰਾਸਤ ’ਚ ਲਿਆ
ਅਮਰੀਕੀ ਰਾਜ ਕੈਲੀਫੋਰਨੀਆ ਵਿਚ ਅਗਵਾ ਕੀਤੇ ਗਏ ਸਿੱਖ ਪਰਿਵਾਰ ਦੇ ਪੰਜਾਬ ਰਹਿੰਦੇ ਮੈਂਬਰ ਸਦਮੇ ਵਿਚ ਹਨ। ਜ਼ਿਕਰਯੋਗ ਹੈ ਕਿ ਉੱਥੇ ਅੱਠ ਸਾਲਾਂ ਦੀ ਇਕ ਬੱਚੀ ਸਣੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅਗਵਾ ਕਰ ਲਿਆ ਗਿਆ ਸੀ। ਇਹ ਸਿੱਖ ਪਰਿਵਾਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਹੈ। ਅਮਰੀਕੀ ਪੁਲੀਸ ਨੇ ਇਸ ਮਾਮਲੇ ਵਿਚ 48 ਸਾਲਾਂ ਦੇ ਇਕ ਵਿਅਕਤੀ ਨੂੰ ਸ਼ੱਕ ਦੇ ਅਧਾਰ ’ਤੇ ਹਿਰਾਸਤ ਵਿਚ ਲਿਆ ਹੈ ਜੋ ਕਿ ਗੰਭੀਰ ਜ਼ਖ਼ਮੀ ਹੈ। ਜਦਕਿ ਪਰਿਵਾਰ ਦਾ ਹਾਲੇ ਤੱਕ ਕੋਈ ਥਹੁ-ਪਤਾ ਨਹੀਂ ਲੱਗ ਸਕਿਆ ਹੈ। ਅਗਵਾ ਮੈਂਬਰਾਂ ਵਿਚੋਂ ਇਕ ਦਾ ਵਾਹਨ ਸੋਮਵਾਰ ਰਾਤ ਪੁਲੀਸ ਨੂੰ ਅੱਗ ਨਾਲ ਸਾੜਿਆ ਹੋਇਆ ਮਿਲਿਆ ਸੀ। ਪਰਿਵਾਰ ਨੂੰ ਸੋਮਵਾਰ ਮਰਸਿਡ ਕਾਊਂਟੀ ’ਚੋਂ ਅਗਵਾ ਕੀਤਾ ਗਿਆ ਸੀ। ਅੱਠ ਸਾਲਾਂ ਦੀ ਬੱਚੀ ਅਰੂਹੀ ਢੇਰੀ, ਉਸ ਦੀ 27 ਸਾਲਾ ਮਾਂ ਜਸਲੀਨ ਕੌਰ, 36 ਸਾਲਾ ਪਿਤਾ ਜਸਦੀਪ ਸਿੰਘ ਤੇ 39 ਸਾਲਾ ਤਾਇਆ ਅਮਨਦੀਪ ਸਿੰਘ ਲਾਪਤਾ ਹਨ। ਇਕ ਖ਼ਬਰ ਮੁਤਾਬਕ ਪੁਲੀਸ ਨੂੰ ਮੰਗਲਵਾਰ ਸਵੇਰੇ ਸੂਚਨਾ ਮਿਲੀ ਸੀ ਕਿ ਪਰਿਵਾਰ ਦੇ ਮੈਂਬਰਾਂ ਵਿਚੋਂ ਇਕ ਦਾ ਬੈਂਕ ਕਾਰਡ ਮਰਸਿਡ ਕਾਊਂਟੀ ਦੇ ਐਟਵਾਟਰ ਵਿਚ ਵਰਤਿਆ ਗਿਆ ਹੈ। ਇਸ ਤੋਂ ਬਾਅਦ ਜਾਂਚਕਰਤਾਵਾਂ ਨੇ ਇਕ ਵਿਅਕਤੀ ਦੀ ਫੋਟੋ ਹਾਸਲ ਕੀਤੀ ਜੋ ਬੈਂਕ ਵਿਚੋਂ ਪੈਸੇ ਕਢਵਾ ਰਿਹਾ ਸੀ। ਉਸ ਦਾ ਹੁਲੀਆ ਅਗਵਾ ਵਾਲੇ ਘਟਨਾ ਸਥਾਨ ਦੀ ਫੋਟੋ ਵਿਚਲੇ ਵਿਅਕਤੀ ਨਾਲ ਮੇਲ ਖਾਂਦਾ ਸੀ। ਪੁਲੀਸ ਨੇ ਸ਼ੱਕੀ ਵਿਅਕਤੀ ਦੀ ਸ਼ਨਾਖ਼ਤ ਜੀਸਸ ਮੈਨੂਏਲ ਸੈਲਗਾਡੋ ਵਜੋਂ ਕੀਤੀ ਸੀ ਪਰ ਉਸ ਨੇ ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਖ਼ੁਦ ਨੂੰ ਗੋਲੀ ਮਾਰ ਲਈ। ਉਹ ਪੁਲੀਸ ਹਿਰਾਸਤ ਵਿਚ ਹੈ ਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਜਸਦੀਪ ਦੇ ਮਾਤਾ-ਪਿਤਾ ਡਾ. ਰਣਧੀਰ ਸਿੰਘ ਤੇ ਕਿਰਪਾਲ ਕੌਰ ਹੁਸ਼ਿਆਰਪੁਰ ਦੇ ਟਾਂਡਾ ਬਲਾਕ ਦੇ ਹਰਸੀ ਪਿੰਡ ਦੇ ਰਹਿਣ ਵਾਲੇ ਹਨ। ਰਣਧੀਰ ਸਿੰਘ ਦੇ ਇਕ ਗੁਆਂਢੀ ਚਰਨਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਸਦਮੇ ਵਿਚ ਹੈ ਤੇ ਗੱਲ ਕਰਨ ਦੀ ਹਾਲਤ ’ਚ ਨਹੀਂ ਹੈ। ਰਣਧੀਰ ਸਿੰਘ ਸਿਹਤ ਵਿਭਾਗ ਤੇ ਕਿਰਪਾਲ ਕੌਰ ਸਿੱਖਿਆ ਵਿਭਾਗ ’ਚੋਂ ਸੇਵਾਮੁਕਤ ਹਨ। ਵੇਰਵਿਆਂ ਮੁਤਾਬਕ ਰਣਧੀਰ ਸਿੰਘ 29 ਸਤੰਬਰ ਨੂੰ ਅਮਰੀਕਾ ਤੋਂ ਪਰਤੇ ਸਨ। ਪਰਤਣ ’ਤੇ ਉਹ ਉੱਤਰਾਖੰਡ ਤੀਰਥ ਯਾਤਰਾ ’ਤੇ ਚਲੇ ਗਏ। ਜਦ ਉਹ ਰਿਸ਼ੀਕੇਸ਼ ਪਹੁੰਚੇ ਤਾਂ ਉਨ੍ਹਾਂ ਨੂੰ ਅਮਰੀਕਾ ਤੋਂ ਨੂੰਹ ਜਸਪ੍ਰੀਤ ਕੌਰ ਦਾ ਫੋਨ ਆਇਆ ਜਿਸ ਨੇ ਘਟਨਾ ਬਾਰੇ ਜਾਣਕਾਰੀ ਦਿੱਤੀ। ਲਾਪਤਾ ਅਮਨਦੀਪ ਸਿੰਘ, ਜਸਪ੍ਰੀਤ ਕੌਰ ਦਾ ਪਤੀ ਹੈ। ਘਟਨਾ ਬਾਰੇ ਪਤਾ ਲੱਗਣ ’ਤੇ ਰਣਧੀਰ ਸਿੰਘ ਵਾਪਸ ਪਿੰਡ ਪਰਤੇ ਤੇ ਮੰਗਲਵਾਰ ਰਾਤ ਅਮਰੀਕਾ ਲਈ ਰਵਾਨਾ ਹੋ ਗਏ। ਹਰਸੀ ਪਿੰਡ ਤੇ ਨਾਲ ਲੱਗਦੇ ਪਿੰਡਾਂ ਦੇ ਲੋਕ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਰਣਧੀਰ ਸਿੰਘ ਦੇ ਘਰ ਆ ਰਹੇ ਹਨ ਤੇ ਲਾਪਤਾ ਮੈਂਬਰਾਂ ਦੀ ਸੁਰੱਖਿਅਤ ਵਾਪਸੀ ਲਈ ਅਰਦਾਸ ਕਰ ਰਹੇ ਹਨ। -ਪੀਟੀਆਈ
ਕੇਂਦਰ ਸਰਕਾਰ ਵੱਲੋਂ ਪਰਿਵਾਰ ਨੂੰ ਮਦਦ ਦਾ ਭਰੋਸਾ
ਕੇਂਦਰੀ ਮੰਤਰੀ ਤੇ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਸੋਮ ਪ੍ਰਕਾਸ਼ ਨੇ ਲਾਪਤਾ ਜਸਦੀਪ ਤੇ ਅਮਨਦੀਪ ਦੇ ਪਿਤਾ ਰਣਧੀਰ ਸਿੰਘ ਨਾਲ ਫੋਨ ’ਤੇ ਰਾਬਤਾ ਕੀਤਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਪੂਰੀ ਮਦਦ ਦਾ ਭਰੋਸਾ ਦਿੱਤਾ ਹੈ। ਟਾਂਡਾ ਦੇ ਐੱਸਪੀ ਕੁਲਵੰਤ ਸਿੰਘ ਵੀ ਰਣਧੀਰ ਸਿੰਘ ਦੇ ਘਰ ਗਏ ਹਨ ਤੇ ਹਰ ਮਦਦ ਦਾ ਭਰੋਸਾ ਦਿਵਾਇਆ ਹੈ। -ਪੀਟੀਆਈ
ਪਰਿਵਾਰ ਨੂੰ ਫਿਰੌਤੀ ਨਾਲ ਜੁੜੀ ਕੋਈ ਕਾਲ ਨਹੀਂ ਆਈ
ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਤੱਕ ਫਿਰੌਤੀ ਨਾਲ ਜੁੜੀ ਕੋਈ ਕਾਲ ਨਹੀਂ ਆਈ। ਉਨ੍ਹਾਂ ਦੱਸਿਆ ਕਿ ਸੜੀ ਹੋਈ ਕਾਰ ਉਨ੍ਹਾਂ ਦੇ ਪਰਿਵਾਰ ਦੇ ਕਾਰੋਬਾਰੀ ਦਫ਼ਤਰ ਤੋਂ 20-25 ਕਿਲੋਮੀਟਰ ਦੂਰ ਮਿਲੀ ਹੈ। ਮੋਬਾਈਲ ਫੋਨ ਵੀ ਲੱਭ ਲਏ ਗਏ ਹਨ। ਪੁਲੀਸ ਨੇ ਪਹਿਲਾਂ ਸ਼ੱਕ ਜ਼ਾਹਿਰ ਕੀਤਾ ਸੀ ਕਿ ਅਗਵਾਕਾਰ ਸਬੂਤ ਮਿਟਾਉਣ ਦੇ ਯਤਨ ਕਰ ਰਿਹਾ ਹੈ। ਪੁਲੀਸ ਨੇ ਅਗਵਾਕਾਰ ਨੂੰ ਖ਼ਤਰਨਾਕ ਤੇ ਹਥਿਆਰਬੰਦ ਦੱਸਿਆ ਸੀ। -ਏਐੱਨਆਈ