ਰਾਮ ਸਰਨ ਸੂਦ
ਅਮਲੋਹ, 15 ਸਤੰਬਰ
ਪੰਜਾਬ ਦੇ ਵਾਤਾਵਰਨ ਅਤੇ ਸਾਇੰਸ ਤਕਨਾਲੋਜੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਬਲਾਕ ਅਮਲੋਹ ਦੇ ਪਿੰਡ ਸ਼ਾਹਪੁਰ ਵਿੱਚ ਸ੍ਰੀ ਗਣੇਸ਼ ਐਡੀਬਲਜ਼ ਪ੍ਰਾਈਵੇਟ ਲਿਮਟਿਡ ਵਿੱਚ ਸਮਾਗਮ ਦੌਰਾਨ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 3 ਕਰੋੜ ਰੁਪਏ ਦੀ ਰਾਸ਼ੀ ਦੇ ਚੈੱਕ ਵੰਡੇ।
ਇਹ ਮਾਮਲਾ ਉਸੇ ਸਮੇਂ ਨਵਾਂ ਮੋੜ ਲੈ ਗਿਆ ਜਦੋਂ ਇਨ੍ਹਾਂ ਚੈੱਕਾਂ ਉਪਰ 8.6.2022 ਦੀ ਤਾਰੀਖ ਸੀ ਅਤੇ ਨਿਯਮ ਮੁਤਾਬਕ ਚੈੱਕ 3 ਮਹੀਨੇ ਵਿੱਚ ਹੀ ਪਾਸ ਹੋਣਾ ਜ਼ਰੂਰੀ ਹੁੰਦਾ ਹੈ। ਇਸ ਸਬੰਧੀ ਕੁਝ ਕਿਸਾਨਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਇਸ ਦੀ ਅਦਾਇਗੀ ਉਨ੍ਹਾਂ ਨੂੰ ਕਰੀਬ ਦੋ ਮਹੀਨੇ ਪਹਿਲਾਂ ਹੋ ਚੁੱਕੀ ਹੈ। ਜਦੋਂ ਚੈੱਕ ਹਾਸਲ ਕਰਨ ਵਾਲੇ ਕੁਝ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਵਾਹ-ਵਾਹ ਖੱਟਣੀ ਹੁੰਦੀ ਹੈ ਚੈੱਕ ਤਾਂ ਉਹ ਪਹਿਲਾ ਹੀ ਹਾਸਲ ਕਰ ਚੁਕੇ ਹਨ ਪ੍ਰੰਤੂ ਮੰਤਰੀ ਅਤੇ ਅਧਿਕਾਰੀਆਂ ਨੇ ਤਸਵੀਰਾਂ ਖਿਚਵਾਉਣ ਲਈ ਉਨ੍ਹਾਂ ਨੂੰ ਇਥੇ ਬੁਲਾਇਆ ਹੈ। ਇਸ ਤਰ੍ਹਾਂ ਇਹ ਮਾਮਲਾ ਕਿਸਾਨਾਂ ਅਤੇ ਆਮ ਲੋਕਾਂ ਵਿਚ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਉਪਰ ਸਵਾਲੀਆ ਚਿੰਨ੍ਹ ਲਗਾ ਰਿਹਾ ਹੈ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਝੋਨੇ ਦੀ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਨਿਜਾਤ ਦਿਵਾਉਣ ਅਤੇ ਵਿਗਿਆਨਕ ਤਰੀਕਿਆਂ ਦੀ ਖੋਜ ਨਾਲ ਪਰਾਲੀ ਤੋਂ ਬਿਜਲੀ ਪੈਦਾ ਕਰਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਕਿਸਾਨਾਂ ਨੂੰ 30 ਕਰੋੜ ਦੀ ਰਾਸ਼ੀ ਵੰਡੀ ਜਾਣੀ ਹੈ ਅਤੇ ਇਸ ਪ੍ਰਾਜੈਕਟ ਨਾਲ ਇੱਕ ਏਕੜ ਰਕਬੇ ਵਿਚ ਪਰਾਲੀ ਜ਼ਰੀਏ ਕਿਸਾਨ 3 ਹਜ਼ਾਰ ਰੁਪਏ ਕਮਾ ਸਕਦੇ ਹਨ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਸਮਾਗਮ ਵਿੱਚ ਡੇਢ ਘੰਟਾ ਦੇਰੀ ਨਾਲ ਪਹੁੰਚੇ। ਇਸ ਮੌਕੇ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਆਦਰਸ਼ ਪਾਲ ਵਿਗ, ਮੈਂਬਰ ਸਕੱਤਰ ਇੰਜ. ਕਰੂਨੇਸ਼ ਗਰਗ ਹਾਜ਼ਰ ਸਨ।