ਪਰਮਜੀਤ ਸਿੰਘ
ਫਾਜ਼ਿਲਕਾ, 21 ਸਤੰਬਰ
ਅਬੋਹਰ ਨੇੜਲੇ ਸਕੂਲ ਵਿੱਚ ਅੱਠਵੀਂ ਵਿੱਚ ਪੜ੍ਹਦੀ ਨਾਬਾਲਗ ਵਿਦਿਆਰਥਣ ਨੇ ਕੱਲ੍ਹ ਦੁਪਹਿਰ ਘਰ ਵਿੱਚ ਫਾਹਾ ਲੈ ਲਿਆ। ਬੀਤੇ ਦਿਨ ਉਸ ਦਾ ਪੇਪਰ ਵੀ ਹੋਣਾ ਸੀ। ਕੱਲ੍ਹ ਸਵੇਰੇ ਉਹ ਘਰ ਵਿੱਚ ਪੜ੍ਹ ਰਹੀ ਸੀ ਕਿ ਕੁਝ ਸਮੇਂ ਬਾਅਦ ਅਚਾਨਕ ਉਸ ਨੇ ਕਮਰੇ ਵਿੱਚ ਜਾ ਕੇ ਫਾਹਾ ਲੈ ਲਿਆ। ਕਾਫੀ ਦੇਰ ਤੱਕ ਜਦੋਂ ਉਸ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਸ ਦੇ ਛੋਟੇ ਭਰਾ ਨੇ ਗੁਆਂਢੀਆਂ ਨੂੰ ਸੂਚਿਤ ਕੀਤਾ। ਦਰਵਾਜ਼ਾ ਤੋੜ ਕੇ ਉਸ ਨੂੰ ਬਾਹਰ ਕੱਢਿਆ ਗਿਆ। ਥਾਣਾ ਸਿਟੀ 2 ਅਬੋਹਰ ਦੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਲੜਕੀ ਦੀ ਮਾਤਾ ਵੱਲੋਂ ਕੋਈ ਵੀ ਕਾਰਵਾਈ ਨਾ ਕਰਵਾਉਣ ਕਾਰਨ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਮ੍ਰਿਤਕਾ ਦੇ ਮਾਪਿਆਂ ਦਾ ਆਪਸ ਵਿੱਚ ਝਗੜਾ ਚਲ ਰਿਹਾ ਸੀ ਅਤੇ ਬੱਚੇ ਆਪਣੀ ਮਾਂ ਕੋਲ ਰਹਿ ਰਹੇ ਸਨ। ਮਾਂ ਲੋਕਾਂ ਦੇ ਘਰਾਂ ’ਚ ਕੰਮ ਕਰ ਕਰਕੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ।