ਗਗਨਦੀਪ ਅਰੋੜਾ
ਲੁਧਿਆਣਾ, 20 ਸਤੰਬਰ
ਗਿਆਸਪੁਰਾ ਇਲਾਕੇ ਵਿੱਚ ਗੁਦਾਮ ’ਤੇ ਖੜ੍ਹੇ ਟੈਂਕਰ ਵਿੱਚ ਭਰੇ ਤੇਲ ਦੇ ਸੈਂਪਲ ਭਰਨ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਆਹਮੋ-ਸਾਹਮਣੇ ਹੋ ਗਏ। ‘ਆਪ’ ਵਿਧਾਇਕਾ ਨੇ ਤੇਲ ਵਿੱਚ ਗੜਬੜੀ ਦੀ ਸ਼ਿਕਾਇਤ ਮਿਲਣ ਮਗਰੋਂ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਅਤੇ ਟੈਂਕਰ ਨੂੰ ਪੁਲੀਸ ਹਵਾਲੇ ਕਰ ਦਿੱਤਾ। ਕੁਝ ਦੇਰ ਬਾਅਦ ਸ਼ਹਿਰ ਦਾ ‘ਆਪ’ ਆਗੂ ਕੁਝ ਵਾਲੰਟੀਅਰਾਂ ਨਾਲ ਥਾਣੇ ਪਹੁੰਚਿਆ ਅਤੇ ਤੇਲ ਵਾਲਾ ਟੈਂਕਰ ਛੁਡਵਾ ਲਿਆ। ਗਿਆਸਪੁਰਾ ਇਲਾਕੇ ਵਿੱਚ ਤੇਲ ਨਾਲ ਭਰਿਆ ਟੈਂਕਰ ਖੜ੍ਹਾ ਸੀ। ‘ਆਪ’ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਦਾ ਕਹਿਣਾ ਹੈ ਕਿ ਜਦੋਂ ਉਹ ਇੱਥੋਂ ਲੰਘ ਰਹੀ ਸੀ ਤਾਂ ਕੁਝ ਲੋਕਾਂ ਨੇ ਟੈਂਕਰ ਵਿੱਚ ਪਏ ਤੇਲ ਦੀ ਗੜਬੜੀ ਹੋਣ ਦੀ ਸੂਚਨਾ ਦਿੱਤੀ ਸੀ। ਉਨ੍ਹਾਂ ਤੁਰੰਤ ਇਸ ਦੀ ਸ਼ਿਕਾਇਤ ਸਿਹਤ ਵਿਭਾਗ ਨੂੰ ਕੀਤੀ। ਵਿਧਾਇਕਾ ਨੇ ਦੱਸਿਆ ਕਿ ਉਨ੍ਹਾਂ ਨੇ ਚੌਕੀ ਗਿਆਸਪੁਰਾ ਤੋਂ ਪੁਲੀਸ ਟੀਮ ਬੁਲਾ ਕੇ ਟੈਂਕਰ ਉਨ੍ਹਾਂ ਹਵਾਲੇ ਕੀਤਾ ਅਤੇ ਚਲੇ ਗਏ। ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਦਾਮ ਦੇ ਮਾਲਕ ਦਾ ਰਿਸ਼ਤੇਦਾਰ ‘ਆਪ’ ਆਗੂ ਹੈ ਅਤੇ ਉਸ ਨੇ ਕੁਝ ਵਾਲੰਟੀਅਰਾਂ ਨੂੰ ਨਾਲ ਲੈ ਕੇ ਟੈਂਕਰ ਨੂੰ ਥਾਣੇ ਤੋਂ ਛੁਡਵਾਇਆ ਲਿਆ ਹੈ। ਸ੍ਰੀਮਤੀ ਛੀਨਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਅਜਿਹੀ ਸੂਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਇਸ ਮਾਮਲੇ ਬਾਰੇ ਮੁੱਖ ਮੰਤਰੀ ਦਫ਼ਤਰ ਨੂੰ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਜੇ ਤੇਲ ਵਿੱਚ ਕੋਈ ਗੜਬੜ ਪਾਈ ਗਈ ਤਾਂ ਕਾਰਵਾਈ ਜ਼ਰੂਰ ਹੋਵੇਗੀ। ਸਿਹਤ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਤੇਲ ਦੇ ਸੈਂਪਲ ਭਰ ਲਏ ਹਨ। ਉਨ੍ਹਾਂ ਕਿਹਾ ਕਿ ਜਾਂਚ ਮਗਰੋਂ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪੀ ਜਾਵੇਗੀ। ਦੂਜੇ ਪਾਸੇ, ਥਾਣਾ ਸਾਹਨੇਵਾਲ ਦੇ ਐੱਸਐੱਚਓ ਇੰਸਪੈਕਟਰ ਜਗਦੇਵ ਸਿੰਘ ਨੇ ਕਿਹਾ ਕਿ ਸੈਂਪਲ ਇਕੱਠੇ ਕਰਨਾ ਸਿਹਤ ਵਿਭਾਗ ਦਾ ਕੰਮ ਹੈ। ਪੁਲੀਸ ਨੇ ਨਾ ਤਾਂ ਕੋਈ ਟੈਂਕਰ ਫੜਿਆ ਹੈ ਅਤੇ ਨਾ ਹੀ ਛੱਡਿਆ ਹੈ।