ਜਗਮੋਹਨ ਸਿੰਘ
ਘਨੌਲੀ, 1 ਨਵੰਬਰ
ਕਸਬਾ ਭਰਤਗੜ੍ਹ ਵਿੱਚ ਵੀਰਵਾਰ ਦੀ ਰਾਤ ਦੁੱਧ ਪਾਉਣ ਆਏ ਦੋਧੀ ਦਾ ਕਥਿਤ ਤੌਰ ’ਤੇ ਇੱਟਾਂ ਰੋੜੇ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਸੁਖਵਿੰਦਰ ਸਿੰਘ ਅਨੁਸਾਰ ਡੋਗਰ ਸਿੰਘ ਦਾ ਆਪਣੇ ਭਰਾ ਰਣਜੀਤ ਸਿੰਘ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ। ਉਸ (ਡੋਗਰ ਸਿੰਘ) ਦੇ ਲੜਕੇ ਗੁਰਮੀਤ ਸਿੰਘ ਨੇ ਸਾਲ ਪਹਿਲਾਂ ਰਣਜੀਤ ਸਿੰਘ ਦੇ ਘਰ ਅੰਦਰ ਦਾਖ਼ਲ ਹੋ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਸੀ, ਜਿਸ ਸਬੰਧੀ ਉਸ ਖ਼ਿਲਾਫ਼ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਵੀ ਗੁਰਮੀਤ ਸਿੰਘ ਕਥਿਤ ਨਸ਼ੇ ਵਿੱਚ ਰਣਜੀਤ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਗਾਲੀ ਗਲੋਚ ਕਰਨ ਲੱਗ ਪਿਆ ਜਿਸ ਕਾਰਨ ਉਹ ਘਰ ’ਚ ਛੁਪੇ ਰਹੇ। ਇਸੇ ਦੌਰਾਨ ਜਦੋਂ ਦੋਧੀ ਸੁੱਚਾ ਸਿੰਘ ਦੁੱਧ ਪਾਉਣ ਲਈ ਉਨ੍ਹਾਂ ਦੇ ਘਰ ਆਇਆ ਤਾਂ ਗੁਰਮੀਤ ਸਿੰਘ ਨੇ ਉਸ ’ਤੇ ਇੱਟਾਂ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਇੱਟਾਂ ਰੋੜੇ ਵੱਜਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਦੋਂ ਉਸ ਨੂੰ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ਭਰਤਗੜ੍ਹ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਡੋਗਰ ਸਿੰਘ ਤੇ ਗੁਰਮੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।