ਪੱਤਰ ਪ੍ਰੇਰਕ
ਚੰਡੀਗੜ੍ਹ, 24 ਸਤੰਬਰ
ਪੀਜੀਆਈ ਦੀ ਨਵੀਂ ਓਪੀਡੀ ਮਰੀਜ਼ਾਂ ਲਈ 27 ਸਤੰਬਰ ਤੋਂ ਮੁੜ ਖੋਲ੍ਹੀ ਜਾ ਰਹੀ ਹੈ, ਜਿਸ ਤਹਿਤ ਹੁਣ ਮਰੀਜ਼ 27 ਸਤੰਬਰ ਦਿਨ ਸੋਮਵਾਰ ਤੋਂ ਖ਼ੁਦ ਜਾ ਕੇ ਆਪਣਾ ਚੈੱਕਅੱਪ ਕਰਵਾ ਸਕਣਗੇ। ਓਪੀਡੀ ਵਿੱਚ ਬਾਹਰੀ ਮਰੀਜ਼ਾਂ ਲਈ ਰਜਿਸਟ੍ਰੇਸ਼ਨ ਦਾ ਸਮਾਂ ਰੋਜ਼ਾਨਾ ਸਵੇਰੇ ਸਵਾ 9 ਵਜੇ ਤੋਂ 11 ਵਜੇ ਤੱਕ ਰੱਖਿਆ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 6 ਸਤੰਬਰ ਨੂੰ ਆਨਲਾਈਨ ਸਮਾਂ ਲੈ ਕੇ ਹਰੇਕ ਵਿਭਾਗ ਵਿੱਚ ਰੋਜ਼ਾਨਾ 30 ਮਰੀਜ਼ਾਂ ਦਾ ਫਿਜ਼ੀਕਲ ਢੰਗ ਨਾਲ ਇਲਾਜ ਸ਼ੁਰੂ ਕੀਤਾ ਸੀ ਪਰ ਹੁਣ ਇਹ ਗਿਣਤੀ ਵਧਾ ਕੇ 50 ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਔਪਥਾਲਮੋਲੋਜੀ, ਹੈਪਾਟੋਲੋਜੀ ਅਤੇ ਇੰਟਰਨਲ ਮੈਡੀਸਿਨ ਵਿਭਾਗਾਂ ਵਿੱਚ ਰੋਜ਼ਾਨਾ 100 ਮਰੀਜ਼ ਇਲਾਜ ਕਰਵਾ ਸਕਣਗੇ। ਨਵੀਂ ਓਪੀਡੀ ਵਿੱਚ ਟੈਲੀ-ਕੰਸਲਟੇਸ਼ਨ ਰਾਹੀਂ ਰਜਿਸਟ੍ਰੇਸ਼ਨ ਕਰਵਾਉਣ ਲਈ ਰੋਜ਼ਾਨਾ ਸਵੇਰੇ 8 ਤੋਂ 9 ਵਜੇ ਤੱਕ ਫੋਨ ਨੰਬਰ 0172-275991 ’ਤੇ ਸੰਪਰਕ ਕੀਤਾ ਜਾ ਸਕਦਾ ਹੈ।