ਹਰਜੀਤ ਸਿੰਘ ਪਰਮਾਰ
ਬਟਾਲਾ, 28 ਅਗਸਤ
ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਧੜੇ ਦੇ ਚੇਅਰਮੈਨ ਨੂੰ ਠਿੱਬੀ ਲਾ ਕੇ ਥੋੜੇ ਦਿਨ ਪਹਿਲਾਂ ਹੀ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੇ ਅਹੁਦੇ ’ਤੇ ਨਿਯੁਕਤ ਹੋਏ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਖਾਸਮ-ਖਾਸ ਪਵਨ ਕੁਮਾਰ ਪੰਮਾ ਦੀਆਂ ਉਲਝਣਾਂ ਵਧ ਗਈਆਂ ਹਨ। ਬੀਤੀ ਸ਼ਾਮ ਪਵਨ ਕੁਮਾਰ ਦੇ ਲੜਕੇ ਸ਼ਿਵ ਸਰੀਨ ਨੂੰ ਜਲੰਧਰ ਤੋਂ ਆਈ ਜੀਐੱਸਟੀ ਟੀਮ ਵੱਲੋਂ 16 ਕਰੋੜ ਰੁਪਏ ਤੋਂ ਵੱਧ ਦੇ ਫ਼ਰਜ਼ੀ ਜੀਐੱਸਟੀ ਬਿੱਲਾਂ ਦੇ ਘਪਲੇ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਜਾਣ ਕਾਰਨ ਹੁਣ ਪੰਮਾ ਦੀ ਨਿਯੁਕਤੀ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਜੀਐੱਸਟੀ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਵ ਸਰੀਨ ਲੰਬੇ ਸਮੇਂ ਤੋਂ ਬਟਾਲਾ ਤੇ ਦਿੱਲੀ ਵਿੱਚ ਫ਼ਰਜ਼ੀਵਾੜੇ ਦਾ ਨੈੱਟਵਰਕ ਚਲਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਵਿਸ਼ੇਸ਼ ਟੀਮ ਨੇ ਜਾਂਚ ਦੌਰਾਨ ਮੁਲਜ਼ਮ ਕੋਲੋਂ ਕਈ ਫਰਜ਼ੀ ਕੰਪਨੀਆਂ ਅਤੇ ਵੱਖ-ਵੱਖ ਤਰ੍ਹਾਂ ਦੇ ਫਰ਼ਜ਼ੀ ਬਿੱਲ ਬਣਾਉਣ ਦੇ ਪੁਖਤਾ ਸਬੂਤ ਹਾਸਲ ਕੀਤੇ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਕਰੀਬ 16 ਕਰੋੜ ਰੁਪਏ ਤੋਂ ਵੱਧ ਦੇ ਫਰਜ਼ੀ ਬਿੱਲ ਕੱਟ ਕੇ ਸਰਕਾਰੀ ਖ਼ਜ਼ਾਨੇ ਨੂੰ ਰਗੜਾ ਲਗਾਇਆ ਹੈ। ਜਾਂਚ ਟੀਮ ਹੁਣ ਇਸ ਘਪਲੇ ਵਿੱਚ ਸ਼ਿਵ ਸਰੀਨ ਦੇ ਸਾਥੀਆਂ ਬਾਰੇੇ ਜਾਣਕਾਰੀ ਇਕੱਠੀ ਕਰ ਰਹੀ ਹੈ। ਨਗਰ ਸੁਧਾਰ ਟਰੱਸਟ ਦੇ ਤਾਜ਼ਾ-ਤਾਜ਼ਾ ਚੇਅਰਮੈਨ ਬਣੇ ਪਵਨ ਕੁਮਾਰ ਪੰਮਾ ਨੂੰ ਇਸ ਘਟਨਾ ਤੋਂ ਬਾਅਦ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਚਰਚਾ ਹੈ ਕਿ ਸਰਕਾਰ ਉਸ ਨੂੰ ਚੇਅਰਮੈਨ ਬਣਾਉਣ ਸਬੰਧੀ ਫੈ਼ਸਲੇ ’ਤੇ ਮੁੜ ਵਿਚਾਰ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਪਵਨ ਕੁਮਾਰ ਪੰਮਾ ਨੇ 31 ਅਗਸਤ ਨੂੰ ਸਿਆਸੀ ਗੁਰੂਆਂ ਦੀ ਹਾਜ਼ਰੀ ਵਿੱਚ ਅਹੁਦਾ ਸੰਭਾਲਣ ਦਾ ਪ੍ਰੋਗਰਾਮ ਤੈਅ ਕੀਤਾ ਹੈ।