ਲਖਨਊ, 14 ਦਸੰਬਰ
ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਕਿਹਾ ਕਿ ਪੰਜਾਬ ਵਿੱਚ ਅਗਲੀ ਸਰਕਾਰ ਅਕਾਲੀ -ਬਸਪਾ ਗਠਜੋੜ ਦੀ ਬਣੇਗੀ ਤੇ ਉਹ ਛੇਤੀ ਅਗਾਮੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸ਼ੁਰੂ ਕਰਨਗੇ। ਉਨ੍ਹਾਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਪੂਰੇ ਹੋਣ ’ਤੇ ਪਾਰਟੀ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਅਜਿਹੀਆਂ ਬਹੁਤ ਘੱਟ ਪਾਰਟੀਆਂ ਹਨ, ਜਿਨ੍ਹਾਂ ਨੇ 100 ਸਾਲਾਂ ਤੋਂ ਵੱਧ ਸਮੇਂ ਤੱਕ ਲੋਕਾਂ ਦੀ ਸੇਵਾ ਕੀਤੀ ਹੋਵੇ। ਇਨ੍ਹਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਭਾਰਤ ਦੀ ਪੁਰਾਣੀ ਖੇਤਰੀ ਪਾਰਟੀ ਹੈ, ਜੋ ਪੰਜਾਬ ਦੇ ਲੋਕਾਂ ਲਈ 100 ਸਾਲਾਂ ਤੋਂ ਲਗਾਤਾਰ ਲੜਦੀ ਆ ਰਹੀ ਹੈ ਅਤੇ ਹੁਣ ਵੀ ਲੜ ਰਹੀ ਹੈ। ਮਾਇਆਵਤੀ ਨੇ ਕਿਹਾ, ‘ਮੇਰੇ ਦਿਲ ‘ਚ ਪੰਜਾਬ ਦਾ ਖਾਸ ਸਥਾਨ ਹੈ। ਬਸਪਾ ਅਤੇ ਪੰਜਾਬ ਦੇ ਲੋਕਾਂ ਦਾ ਦਹਾਕਿਆਂ ਤੋਂ ਗੂੜ੍ਹਾ ਰਿਸ਼ਤਾ ਰਿਹਾ ਹੈ। ਪੰਜਾਬ ਬਸਪਾ ਸੰਸਥਾਪਕ ਕਾਸ਼ੀ ਰਾਮ ਜੀ ਦੀ ਜਨਮ ਭੂਮੀ ਦੇ ਨਾਲ-ਨਾਲ ਉਹ ਮਹਾਨ ਧਰਤੀ ਹੈ ਜਿੱਥੋਂ ਉਨ੍ਹਾਂ ਨੇ ਬਹੁਜਨ ਸਮਾਜ ਦੀ ਚੜ੍ਹਦੀ ਕਲਾ ਲਈ ਬਹੁਤ ਸੰਘਰਸ਼ ਕੀਤਾ।’