ਮਹਿੰਦਰ ਸਿੰਘ ਰੱਤੀਆਂ
ਮੋਗਾ, 2 ਜੁਲਾਈ
ਬਾਘਾ ਪੁਰਾਣਾ ਵਿੱਚ 30 ਜੂਨ ਦੀ ਸ਼ਾਮ ਨੂੰ ਹੋਏ ਬੰਬ ਧਮਾਕੇ ਦੀ ਜਾਂਚ ਲਈ ਕੌਮੀ ਏਜੰਸੀ ਐੱਨਐੱਸਜੀ ਨੇ ਨਮੂਨੇ ਹਾਸਲ ਕੀਤੇ। ਮਾਮਲੇ ਦੀ ਜਾਂਚ ਲਈ ਅੱਜ ਮਾਨੇਸਰ (ਦਿੱਲੀ) ਤੋਂ ਐੱਨਐੱਸਜੀ ਦੀ ਚਾਰ ਮੈਂਬਰੀ ਟੀਮ ਕਮਾਂਡਰ ਮੁਹੰਮਦ ਜਮਾਲ ਖ਼ਾਨ ਦੀ ਅਗਵਾਈ ਹੇਠ ਪੁੱਜੀ। ਟੀਮ ਨੇ ਘਟਨਾ ਵਾਲੀ ਥਾਂ ਅਤੇ ਗੰਦੇ ਦੇ ਨਾਲੇ ਵਿਚੋਂ ਗਾਰ ਕੱਢ ਕੇ ਉਸਦੇ ਨਮੂਨੇ ਹਾਸਲ ਕੀਤੇ। ਉਨ੍ਹਾਂ ਨੇ ਪੱਥਰ ਦੇ ਟੁਕੜੇ, ਪਾਈਪ, ਮੇਖਾਂ ਸਮੇਤ ਹੋਰ ਸਾਮਾਨ ਕਬਜ਼ੇ ’ਚ ਲਿਆ। ਫੋਰੈਂਸਿਕ ਮਾਹਿਰਾਂ ਅਤੇ ਕੌਮੀ ਜਾਂਚ ਏਜੰਸੀ (ਐੱਨਆਈਏ) ਬੰਬ ਨਿਰੋਧਕ ਟੀਮਾਂ ਨੇ ਵੀ ਇਸ ਗੰਦੇ ਨਾਲੇ ’ਚੋਂ ਨਮੂਨੇ ਹਾਸਲ ਕੀਤੇ।
ਇਸੇ ਦੌਰਾਨ ਫ਼ਰੀਦਕੋਟ ਰੇਂਜ ਦੇ ਆਈਜੀ ਕੌਸਤੁਭ ਸ਼ਰਮਾ ਨੇ ਤੀਜੇ ਦਿਨ ਵੀ ਬਾਘਾ ਪੁਰਾਣਾ ਵਿੱਚ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਤੇ ਹੋਰ ਸੀਨੀਅਰ ਪੁਲੀਸ ਅਫ਼ਸਰਾਂ ਨਾਲ ਲਗਾਤਾਰ ਤਕਰੀਬਨ 3 ਘੰਟੇ ਮੀਟਿੰਗ ਕੀਤੀ। ਇਸ ਮੌਕੇ ਐੱਸਪੀ ਜਾਂਚ ਹਰਿੰਦਰਪਾਲ ਸਿੰਘ ਪਰਮਾਰ, ਐੱਸਪੀ ਗੁਰਦੀਪ ਸਿੰਘ, ਡੀਐੱਸਪੀ ਬਾਘਾਪੁਰਾਣਾ ਜਸਬਿੰਦਰ ਸਿੰਘ ਖਹਿਰਾ ਤੇ ਹੋਰ ਅਧਿਕਾਰੀ ਮੌਜੂਦ ਸਨ।
ਆਈਜੀ ਸ਼ਰਮਾ ਨੇ ਦੱਸਿਆ ਕਿ ਵੱਖ-ਵੱਖ ਏਜੰਸੀਆਂ ਬੰਬ ਧਮਾਕੇ ਦੀ ਜਾਂਚ ਨੂੰ ਲੈ ਕੇ ਕਈ ਪਹਿਲੂਆਂ ਤੋਂ ਕੰਮ ਕਰ ਰਹੀਆਂ ਹਨ। ਬੰਬ ’ਚ ਵਰਤੇ ਗਏ ਸਾਮਾਨ ਦੇ ਨਮੂਨੇ ਜਾਂਚ ਲਈ ਲੈਬਾਰਟਰੀ ਨੂੰ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ, ਇਸ ਲਈ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਪੁਲੀਸ ਨੇ ਦਾਅਵਾ ਕੀਤਾ ਕਿ ਪਾਰਸਲ ’ਚ ਨਹੀਂ ਬਲਕਿ ਪੱਥਰ ਦੇ ਹੇਠਾਂ ਖੋਲ੍ਹ ਬਣਾ ਕੇ ਧਮਾਕਾਖੇਜ਼ ਸਮੱਗਰੀ ਰੱਖੀ ਗਈ ਸੀ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਹਰਗਿਜ਼ ਬਖਸ਼ਿਆ ਨਹੀਂ ਜਾਵੇਗਾ।
ਦੱਸਣਯੋਗ ਹੈ ਕਿ ਡੀਟੀਡੀਸੀ ਕੋਰੀਅਰ ਇੰਟਰਨੈਸ਼ਨਲ ਸਰਵਿਸ ’ਚ ਕੰਮ ਕਰਦੇ ਅਤੇ ਇਸ ਬੰਬ ਧਮਾਕੇ ’ਚ ਜ਼ਖ਼ਮੀ ਛੋਟੂ ਰਾਮ ਠਾਕਰ ਉਰਫ਼ ਫੂਲੀ ਠਾਕਰ (47) ਵਾਸੀ ਬਾਘਾ ਪੁਰਾਣਾ ਆਪਣੇ ਭਤੀਜੇ ਗੁਰਦੀਪ ਸਿੰਘ ਉਰਫ਼ ਸੋਨੀ ਨਾਲ 30 ਜੂਨ ਸ਼ਾਮ ਨੂੰ ਮੋਗਾ ਦੀ ਸ਼ਹੀਦ ਭਗਤ ਸਿੰਘ ਮਾਰਕੀਟ ਤੋਂ ਕੁੱਲ 7 ਪਾਰਸਲ ਲੈ ਕੇ ਮੋਟਰਸਾਈਕਲ ’ਤੇ ਬਾਘਾ ਪੁਰਾਣਾ ਪਹੁੰਚੇ ਸਨ। ਇਸ ਦੌਰਾਨ ਸੋਨੀ ਆਪਣਾ ਆਈਡੀ ਸਬੂਤ ਫੋਟੋ ਸਟੇਟ ਕਰਵਾਉਣ ਲਈ ਉੱਥੇ ਸਟਾਰ ਕਮਿਊਨੀਕੇਸ਼ਨ ਕੋਰੀਅਰ ਸਰਵਿਸ ਦੀ ਦੁਕਾਨ ਅੰਦਰ ਚਲਾ ਗਿਆ। ਕਰੀਅਰ ਬੈਗ ਛੋਟੂ ਰਾਮ ਕੋਲ ਸੀ, ਜੋ ਬਾਹਰ ਪੱਥਰ ’ਤੇ ਬੈਠ ਕੇ ਬੀੜੀ ਪੀਣ ਲੱਗਾ। ਇੰਨੇ ਵਿੱਚ ਉੱਥੇ ਹੋਏ ਜ਼ੋਰਦਾਰ ਧਮਾਕੇ ਕਾਰਨ ਛੋਟੂ ਰਾਮ ਜ਼ਖ਼ਮੀ ਹੋ ਗਿਆ। ਪਾਰਸਲ ਵਾਲਾ ਬੈਗ ਹੇਠਲੇ ਪਾਸਿਓਂ ਪਾਟਣ ਕਾਰਨ ਪਾਰਸਲ ਖਿੱਲਰ ਗਏ ਅਤੇ ਸਟਾਰ ਕਮਿਊਨੀਕੇਸ਼ਨ ਕੁਰੀਅਰ ਸਰਵਿਸ ਦੇ ਸ਼ੀਸ਼ੇ ਟੁੱਟ ਗਏ।