ਰਾਮ ਗੋਪਾਲ ਰਾਏਕੋਟੀ
ਰਾਏਕੋਟੀ, 23 ਅਗਸਤ
ਦੇਸ਼ ਵਿੱਚ ਜਦੋਂ ਤੋਂ ਮੁਫ਼ਤ ਲਾਜ਼ਮੀ ਸਿੱਖਿਆ ਅਧਿਕਾਰ ਦਾ ਕਾਨੂੰਨੀ ਹੱਕ ਦਿੱਤਾ ਗਿਆ ਤਾਂ ਉਸ ਸਮੇਂ ਤੋਂ ਬਾਲ ਮੰਗਤਿਆਂ ਦੀ ਗਿਣਤੀ ਵਿੱਚ ਕਾਫੀ ਕਮੀ ਦੇਖੀ ਗਈ ਸੀ। ਪਰ ਲੌਕਡਾਊਨ ਸ਼ੁਰੂ ਹੋਣ ਮਗਰੋਂ ਬਾਲ ਮੰਗਤਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਸ ਦਾ ਵੱਡਾ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਮੰਗਤਿਆਂ ਦੀਆਂ ਬਸਤੀਆਂ ਦੇ ਜਿਹੜੇ ਬੱਚੇ ਸਕੂਲ ਜਾਂਦੇ ਸਨ, ਉਹ ਲੌਕਡਾਊਨ ਦੌਰਾਨ ਸਕੂਲ ਬੰਦ ਹੋਣ ਕਾਰਨ ਫਿਰ ਭੀਖ ਮੰਗਣ ਲੱਗ ਪਏ ਹਨ। ਦੁਕਾਨਦਾਰ ਰਣਜੀਤ ਸਿੰਘ, ਹਾਕਮ ਸਿੰਘ ਤੇ ਲਵਲੀ ਨਾਰੰਗ ਨੇ ਕਿਹਾ ਕਿ ਉਹ ਬਾਲ ਮੰਗਤਿਆਂ ਤੋਂ ਬਹੁਤ ਔਖੇ ਹਨ। ਇਹ ਗਾਹਕਾਂ ਦੇ ਇਸ ਕਦਰ ਪਿੱਛੇ ਪੈਂਦੇ ਹਨ ਕਿ ਉਨ੍ਹਾਂ ਨੂੰ ਦੁਕਾਨ ਅੰਦਰ ਆਉਣਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਉਹ ਇਸ ਸਮੱਸਿਆ ਵੱਲ ਧਿਆਨ ਦੇਵੇ। ਇਸ ਸਬੰਧੀ ਐੱਸਡੀਐੱਮ ਡਾ. ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਉਹ ਇਸ ਸਮੱਸਿਆ ਸਬੰਧੀ ਖੁਦ ਜਾ ਕੇ ਮੌਕਾ ਵੇਖਣਗੇ ਅਤੇ ਜੇਕਰ ਇਹਨਾਂ ਬੱਚਿਆਂ ਨੂੰ ਭੋਜਨ ਆਦਿ ਦੀ ਕੋਈ ਪ੍ਰੇਸ਼ਾਨੀ ਹੈ ਤਾਂ ਉਹ ਇਸ ਦਾ ਪ੍ਰਬੰਧ ਕਰਵਾਉਣਗੇ। ਦੂਜਾ ਸਬੰਧਿਤ ਸਕੂਲਾਂ ਦੇ ਮੁੱਖ ਅਧਿਆਪਕਾਂ ਨੂੰ ਕਹਿ ਕੇ ਇਹਨਾਂ ਦੀ ਪੜ੍ਹਾਈ ਯਕੀਨੀ ਬਣਾਉਣਗੇ ਅਤੇ ਮੋਬਾਇਲ ਫੋਨ ਨਾ ਹੋਣ ਦੀ ਸੂਰਤ ਵਿੱਚ ਤਿੰਨ-ਚਾਰ ਬੱਚਿਆਂ ਦੇ ਗਰੁੱਪ ਨੂੰ ਮੋਬਾਈਲ ਵੀ ਮੁਹੱਈਆ ਕਰਵਾਇਆ ਜਾਵੇਗਾ।