ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 20 ਅਗਸਤ
ਕੌਮੀ ਕਮਿਸ਼ਨ ਅਨੂਸੂਚਿਤ ਜਾਤੀ ਆਯੋਗ ਦੇ ਹੁਕਮਾਂ ’ਤੇ ਮਹੰਤ ਵਿਕਰਮ ਨਾਥ ਦੇ ਚੇਲੇ ਨਾਹਰ ਨਾਥ ਨੂੰ ਡੇਰਾ ਸਿੱਧ ਬਾਬਾ ਸੁਲੱਖਣ ਨਾਥ ਡੇਰਾ ਹੁਸੈਨਪੁਰਾ, ਬਧੌਛੀ ਕਲਾਂ ਵਿੱਚ ਕਬਜ਼ਾ ਦਿਵਾਉਣ ਲਈ ਪਹੁੰਚੀ ਪ੍ਰਸ਼ਾਸਨ ਦੀ ਟੀਮ ਨੂੰ ਲੋਕਾਂ ਦੇ ਵਿਰੋਧ ਕਾਰਨ ਬੇਰੰਗ ਵਾਪਸ ਪਰਤਣਾ ਪਿਆ। ਕੈਪਟਨ ਅਵਤਾਰ ਸਿੰਘ, ਸੰਦੀਪ ਬਧੌਛੀ, ਅਵਤਾਰ ਸਿੰਘ ਸਾਬਕਾ ਸਰਪੰਚ ਪਿੰਡ ਹੁਸੈਨਪੁਰਾ, ਜਗਦੀਪ ਸਿੰਘ, ਪਰਮਜੀਤ ਸਿੰਘ ਆਦਿ ਨੇ ਕਿਹਾ ਕਿ ਭੇਖੀ ਸਾਧਾਂ ਵੱਲੋਂ ਨਿਯੁਕਤ ਕੀਤੇ ਗਏ ਮਹੰਤ ਨੂੰ ਹੀ ਡੇਰੇ ਦਾ ਉਤਰਾਧਿਕਾਰੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਸਾਬਕਾ ਮਹੰਤ ਵਿਕਰਮ ਨਾਥ 15 ਕਿੱਲੋ ਅਫੀਮ ਦੇ ਮਾਮਲੇ ’ਚ ਜੇਲ੍ਹ ਵਿਚ ਹੈ, ਜਿਸ ਕਰਕੇ ਭੇਖ ਜਮਾਤ ਦੇ ਸੰਪਰਦਾਏ ਮੁਖੀ ਕਿਸ਼ਨ ਨਾਥ ਨੇ 20 ਮਈ 2018 ਨੂੰ ਮਹੰਤ ਵਿਕਾਸ ਨਾਥ ਨੂੰ ਡੇਰੇ ਦਾ ਮਹੰਤ ਨਿਯੁਕਤ ਕੀਤਾ ਹੈ। ਜਦੋਂ ਯੋਗੀ ਵਿਕਾਸ ਨਾਥ ਨਾਲ ਸੰਪਰਕ ਕੀਤਾ ਤਾਂ ਉਸ ਨੇ ਕਿਹਾ ਕਿ ਉਸ ਨੂੰ ਸੰਪਰਦਾਏ ਅਤੇ ਇਲਾਕੇ ਦੀਆਂ ਸੰਗਤਾਂ ਨੇ ਇੱਥੇ ਬਿਠਾਇਆ ਹੈ ਅਤੇ ਸੰਪਰਦਾਏ ਦਾ ਜੋ ਵੀ ਆਦੇਸ਼ ਹੋਵੇਗਾ, ਉਸ ਨੂੰ ਉਹ ਪ੍ਰਵਾਨ ਕਰੇਗਾ।
ਇਸ ਸਬੰਧੀ ਨਾਹਰ ਨਾਥ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਹੋਰ ਮਹੰਤ ਨੂੰ ਇੱਥੇ ਬਿਠਾ ਦਿੱਤਾ। ਹੁਣ ਕੌਮੀ ਕਮਿਸ਼ਨ ਦੇ ਹੁਕਮਾਂ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਉਸ ਨੂੰ ਕਬਜ਼ਾ ਨਹੀਂ ਦਿਵਾਇਆ ਜਾ ਰਿਹਾ। ਐੱਸਡੀਐੱਮ ਹਰਪ੍ਰੀਤ ਸਿੰਘ ਅਟਵਾਲ ਅਤੇ ਤਹਿਸੀਲਦਾਰ ਬਾਦਲਦੀਨ ਨੇ ਕਿਹਾ ਕਿ ਕਮਿਸ਼ਨ ਦੇ ਹੁਕਮਾਂ ’ਤੇ ਉਹ ਕਬਜ਼ਾ ਦਿਵਾਉਣ ਗਏ ਸਨ ਪਰ ਲੋਕਾਂ ਦੇ ਵਿਰੋਧ ਕਾਰਨ ਇਹ ਸੰਭਵ ਨਹੀਂ ਹੋਇਆ, ਜਿਸ ਦੀ ਰਿਪੋਰਟ ਅਧਿਕਾਰੀਆਂ ਨੂੰ ਭੇਜੀ ਜਾਵੇਗੀ।