ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 11 ਸਤੰਬਰ
ਇਥੇ ਠਾਠ ਚਰਨਘਾਟ ਦੇ ਬਾਬਾ ਬਲਜਿੰਦਰ ਸਿੰਘ ਨੂੰ ਜੇਲ੍ਹ ਭਿਜਵਾਉਣ ਵਾਲੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਹੱਕ ’ਚ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਤੇ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਸਰਪੰਚ ਪਰਦੀਪ ਸਿੰਘ, ਹਨੀ ਸੇਠੀ, ਸਤਿਕਾਰ ਕਮੇਟੀ ਦੇ ਜਸਪ੍ਰੀਤ ਸਿੰਘ ਢੋਲਣ ਸਮੇਤ ਹੋਰ ਨੁਮਾਇੰਦੇ ਸ਼ਾਮਲ ਹੋਏ। ਮੌਕੇ ’ਤੇ ਪਹੁੰਚੇ ਡੀਐੱਸਪੀ ਜਸਜੋਤ ਸਿੰਘ ਤੇ ਹੋਰ ਪੁਲੀਸ ਅਧਿਕਾਰੀਆਂ ਨੂੰ ਸੌਂਪੇ ਪੱਤਰ ’ਚ ਬਾਬੇ ਦੇ ਮਾਮਲੇ ’ਚ ਇਕ ਹੋਰ ਕੁੜੀ ਦੀ ਭੂਮਿਕਾ ਦੀ ਪੜਤਾਲ ਕਰਨ ਦੀ ਮੰਗ ਕੀਤੀ ਗਈ।
ਇਸ ਕੁੜੀ ਤੋਂ ਇਲਾਵਾ ਬਾਬੇ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ ਗਈ। ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਪੁਲੀਸ ਉਸ ਖ਼ਿਲਾਫ਼ ਕੋਈ ਝੂਠਾ ਪਰਚਾ ਦਰਜ ਕਰਨਾ ਚਾਹੁੰਦੀ ਹੈ। ਅੰਮ੍ਰਿਤਪਾਲ ਸਿੰਘ ਮਹਿਰੋਂ ਸਾਥੀਆਂ ਸਮੇਤ ਬਾਬਾ ਬਲਜਿੰਦਰ ਸਿੰਘ ਨੂੰ ਨਾਲ ਲੈ ਕੇ ਗਏ ਸਨ। ਇਕ ਕੁੜੀ ਦੀ ਹਾਜ਼ਰੀ ’ਚ ਬਾਬੇ ਤੋਂ ਮੁਆਫ਼ੀ ਮੰਗਵਾਈ ਗਈ ਸੀ। ਬਾਬੇ ਨਾਲ ਕੁੱਟਮਾਰ ਕਰਨ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ।
ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਕਿਹਾ ਕਿ ਮੰਗ ਪੱਤਰ ਲੈਣ ਸਮੇਂ ਪੁਲੀਸ ਅਧਿਕਾਰੀਆਂ ਨੇ ਦੋ ਦਿਨਾਂ ’ਚ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਪੁਲੀਸ ਨੇ ਢੁੱਕਵੀਂ ਕਾਰਵਾਈ ਨਾ ਕੀਤੀ ਤਾਂ ਉਹ ਤਿੰਨ ਦਿਨ ਬਾਅਦ ਅਗਲੇ ਸੰਘਰਸ਼ ਸਬੰਧੀ ਐਲਾਨ ਕਰਨਗੇ। ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਕਿਹਾ ਕਿ ਜਿਹੜੇ ਡੇਰੇ ਸਿੱਖ ਰਹਿਤ ਮਰਿਆਦਾ ਦਾ ਉਲੰਘਣ ਕਰਦੇ ਹਨ ਅਤੇ ਗਲਤ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ, ਉਨ੍ਹਾਂ ਖ਼ਿਲਾਫ਼ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਬਾ ਬਲਜਿੰਦਰ ਸਿੰਘ ਖ਼ਿਲਾਫ਼ ਉਨ੍ਹਾਂ ਕੋਲ ਜੋ ਵੀ ਰਿਕਾਰਡਿੰਗ ਤੇ ਹੋਰ ਸਬੂਤ ਮੌਜੂਦ ਸਨ, ਉਹ ਸਾਰੇ ਪੁਲੀਸ ਨੂੰ ਸੌਂਪ ਦਿੱਤੇ ਗਏ ਹਨ।