ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 3 ਸਤੰਬਰ
ਰੋਜ਼ਾ ਸਰੀਫ਼ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਿਚ ਚੱਲ ਰਹੇ ਤਿੰਨ ਰੋਜ਼ਾ ਉਰਸ ਦੇ ਅੱਜ ਅੰਤਿਮ ਦਿਨ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਏ। ਇਸੇ ਦੌਰਾਨ ਪੁਲੀਸ ਨੇ ਇੱਕ ਪੰਜ ਸਾਲਾ ਗੁੰਮ ਹੋਈ ਲੜਕੀ ਨੂੰ ਲਭ ਕੇ ਉਸ ਦੇ ਵਾਰਸਾਂ ਹਵਾਲੇ ਕੀਤਾ। ਪਾਕਿਸਤਾਨ ਅਤੇ ਦੂਰ ਦੁਰਾਡੇ ਤੋਂ ਆਏ ਸ਼ਰਧਾਲੂ ਪ੍ਰਸ਼ਾਸਨ ਵੱਲੋਂ ਦਿੱਤੀਆਂ ਬੱਸਾਂ ਰਾਹੀਂ ਪਿੰਡ ਬਰਾਸ ਅਤੇ ਹੋਰ ਥਾਵਾਂ ’ਤੇ ਗਏ। ਪਿੰਡ ਬਰਾਸ ਵਿੱਚ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ, ਨਗਰ ਅਤੇ ਇਲਾਕਾ ਨਿਵਾਸੀਆਂ ਵਲੋਂ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਸਨਮਾਨ ਕੀਤਾ ਗਿਆ। ਸ੍ਰੀ ਭੁੱਟਾ ਨੇ ਭਾਰਤ ਤੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਆਉਣ ਜਾਣ ਲਈ ਬਾਰਡਰ ਖੋਲ੍ਹੇ ਜਾਣ ਤਾਂ ਕਿ ਕਿਸਾਨ, ਮਜ਼ਦੂਰ, ਵਪਾਰੀ ਅਤੇ ਆਮ ਲੋਕ ਸੌਖੇ ਤਰੀਕੇ ਨਾਲ ਇੱਕ ਦੂਜੇ ਦੇਸ਼ ਵਿੱਚ ਜਾ ਸਕਣ।
ਇਸ ਮੌਕੇ ਡਾ. ਮਹਿਬੂਬ ਨਜ਼ੀਮ ਮਾਲੇਰਕੋਟਲੇ ਵਾਲੇ, ਮਿਸਤਰੀ ਸੁਖਦੇਵ ਸਿੰਘ ਬੋਪਾਰਾਏ, ਜਗਰੂਪ ਸਿੰਘ, ਮਨਜੋਤ ਸਿੰਘ, ਮੋਹਨ ਸਿੰਘ, ਅਵਤਾਰ ਸਿੰਘ, ਐਡਵੋਕੇਟ ਅਮਨਦੀਪ ਸਿੰਘ ਚੀਮਾ, ਜਗਜੀਤ ਸਿੰਘ, ਗਿਆਨੀ ਸੁਖਦੇਵ ਸਿੰਘ ਆਦਿ ਮੌਜੂਦ ਸਨ।