ਹਮੀਰ ਸਿੰਘ
ਮਰਖਾਈ (ਜ਼ੀਰਾ), 9 ਜੁਲਾਈ
ਫਿਰੋਜ਼ਪੁਰ-ਜ਼ੀਰਾ ਸੜਕ ਉੱਤੇ ਸਥਿਤ ਪਿੰਡ ਮਰਖਾਈ ਉਸ ਵੇਲੇ ਸੁਰਖੀਆਂ ਵਿੱਚ ਆਇਆ ਸੀ ਜਦੋਂ ਇਸੇ ਪਿੰਡ ਦੀ ਜੰਮਪਲ ਰਮਨਦੀਪ ਕੌਰ ਦੀ ਅਕਤੂਬਰ 2019 ਵਿੱਚ ਇੱਕ ਨੌਜਵਾਨ ਦੀ ਲਾਸ਼ ਕੋਲ ਖੜ੍ਹੇ ਹੋ ਕੇ ਸਭ ਨੂੰ ਵੰਗਾਰਨ ਦੀ ਵੀਡੀਓ ਵਾਇਰਲ ਹੋਈ ਸੀ। ਰਮਨਦੀਪ ਪਹਿਲਾਂ ਨਸ਼ੇੜੀ ਨਾਲ ਵਿਆਹੀ ਗਈ ਸੀ, ਜਿਸ ਤੋਂ ਉਸ ਨੇ ਤਲਾਕ ਲੈ ਲਿਆ ਪਰ ਦੂਸਰੀ ਵਾਰ ਵੀ ਉਸ ਦਾ ਪਤੀ ਨਸ਼ੇ ਦੀ ਦਲਦਲ ਵਿੱਚ ਧੱਸਿਆ ਹੀ ਮਿਲਿਆ ਅਤੇ ਉਹ ਜਲਦੀ ਵਿਧਵਾ ਹੋ ਗਈ। ਉਸ ਸਮੇਂ ਤੋਂ ਉਹ ਆਪਣੇ ਦੋ ਛੋਟੇ ਬੱਚਿਆਂ ਨੂੰ ਪਾਲਣ ਦੇ ਨਾਲ ਨਾਲ ਨਸ਼ਿਆਂ ਖਿਲਾਫ਼ ਵੀ ਲੜਾਈ ਲੜ ਰਹੀ ਹੈ। ਉਸ ਨੇ ਹੀ ਪ੍ਰਦੀਪ ਸਿੰਘ ਦੇ ਮਾਪਿਆਂ ਨਾਲ ਮੁਲਾਕਾਤ ਕਰਵਾਈ।
ਮਰਖਾਈ ਪਿੰਡ ਵਿੱਚ ਮੁੱਖ ਸੜਕ ’ਤੇ ਖਾਲੀ ਪਲਾਟ ਸੀ ਜਿਸ ਵਿੱਚ ਪੰਚਾਇਤ ਘਰ ਦੇ ਕਮਰੇ ਵਿੱਚ ਜਿਮ ਬਣਾਇਆ ਗਿਆ ਸੀ ਪਰ ਇਹ ਨਸ਼ੇੜੀਆਂ ਲਈ ਸਥਾਈ ਅੱਡਾ ਬਣ ਗਿਆ ਸੀ। ਪ੍ਰਦੀਪ ਨੂੰ ਨਸ਼ੇ ਦੀ ਆਦਤ ਇਥੋਂ ਹੀ ਪਈ ਸੀ। ਜੋਗਿੰਦਰ ਸਿੰਘ ਨੇ ਦੱਸਿਆ ਕਿ ਸ਼ੁਰੂਆਤ ਵੇਲੇ ਉਹ ਗੋਲੀਆਂ ਖਾਂਦਾ ਸੀ। ਇਸ ਤੋਂ ਬਾਅਦ ਉਹ ਸੁੱਖਾ ਮਲ ਕੇ ਸਿਗਰਟਾਂ ਰਾਹੀਂ ਪੀਣ ਲੱਗ ਪਿਆ। ਕੁੱਝ ਸਮੇਂ ਬਾਅਦ ਪਤਾ ਚੱਲਿਆ ਕਿ ਉਸ ਦਾ ਲਿਵਰ ਜਵਾਬ ਦੇ ਗਿਆ ਹੈ। ਉਨ੍ਹਾਂ ਉਸ ਦਾ ਕਰਜ਼ਾ ਲੈ ਕੇ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ। ਫਰੀਦਕੋਟ ਮੈਡੀਕਲ ਕਾਲਜ ਵਿੱਚ ਦਾਖ਼ਲ ਰੱਖਿਆ ਪਰ ਫਰਕ ਨਹੀਂ ਪਿਆ। ਫਿਰ ਦੋ ਮਹੀਨੇ ਤੱਕ ਘਰ ਪਿਆ ਰਿਹਾ ਅਤੇ ਆਖਿਰ 18 ਅਗਸਤ 2018 ਨੂੰ ਉਹ ਇਸ ਜਹਾਨੋਂ ਰੁਖ਼ਸਤ ਹੋ ਗਿਆ। ਉਸ ਦੀ ਬਿਮਾਰੀ ਲਈ ਲਿਆ ਕਰਜ਼ਾ ਵੀ ਨਹੀਂ ਉਤਰਿਆ ਉਲਟੇ ਰੋਜ਼ੀ ਰੋਟੀ ਦਾ ਸੰਕਟ ਖੜ੍ਹਾ ਹੋ ਗਿਆ ਹੈ। ਉਹ ਲਿਆ ਕਰਜ਼ਾ ਵੀ ਮੋੜਨ ਤੋਂ ਅਸਮਰੱਥ ਹੈ। ਗਰੀਬੀ ਤਾਂ ਉਸ ਦੇ ਇੱਕ ਕਮਰੇ ਵਾਲੇ ਘਰ ਅੰਦਰੋਂ ਅੱਖਾਂ ਪਾੜ ਪਾੜ ਝਾਕ ਰਹੀ ਹੈ। ਜੋਗਿੰਦਰ ਸਿੰਘ ਦਾ ਮਹਿਜ਼ 18 ਸਾਲ ਦੀ ਉਮਰ ਵਿੱਚ ਲੜਕਾ ਰੱਬ ਨੂੰ ਪਿਆਰਾ ਹੋ ਗਿਆ। ਜੋਗਿੰਦਰ ਸਿੰਘ ਨੇ ਦੱਸਿਆ ਕਿ ਪੜ੍ਹਨ ਵਿੱਚ ਦਿਲਚਸਪੀ ਨਾ ਹੋਣ ਕਰ ਕੇ ਉਹ ਤਿੰਨ ਚਾਰ ਜਮਾਤਾਂ ਹੀ ਪੜ੍ਹਿਆ ਪਰ ਉਹ ਕੰਮ ਕਰਨ ’ਚ ਤਿੱਖਾ ਸੀ। ਛੋਟੀ ਉਮਰ ਦੇ ਬਾਵਜੂਦ ਉਹ ਸ਼ੈਲਰਾਂ ਵਿੱਚ ਦਿਹਾੜੀ ਕਰਨ ਚਲਾ ਜਾਂਦਾ ਅਤੇ ਝੋਨੇ ਦੇ ਸੀਜ਼ਨ ਦੌਰਾਨ ਟੋਲੀਆਂ ਨਾਲ ਮਿਲ ਕੇ ਝੋਨਾ ਲਗਵਾਉਂਦਾ ਸੀ। ਇਸ ਨਾਲ ਪਰਿਵਾਰ ਦਾ ਗੁਜ਼ਾਰਾ ਚੱਲ ਜਾਂਦਾ ਸੀ। ਜੋਗਿੰਦਰ ਸਿੰਘ ਅਨੁਸਾਰ ਮੁੰਡੇ ਤੋਂ ਇਲਾਵਾ ਉਸ ਵਕਤ ਉਹ ਖੁਦ ਵੀ ਦਿਹਾੜੀ ਕਰ ਲੈਂਦਾ ਸੀ।
ਪ੍ਰਦੀਪ ਦੀ ਮਾਤਾ ਕਸ਼ਮੀਰ ਕੌਰ ਦਾ ਫਰੀਦਕੋਟ ਮੈਡੀਕਲ ਕਾਲਜ ਤੋਂ ਕੈਂਸਰ ਦਾ ਇਲਾਜ ਅਜੇ ਵੀ ਚੱਲ ਰਿਹਾ ਹੈ। ਉਹ ਖੁਦ ਵੀ ਘਰ ਹੀ ਰਹਿੰਦਾ ਹੈ। ਕਦੇ ਠੀਕ ਰਹੇ ਤਾਂ ਕਸ਼ਮੀਰ ਕੌਰ ਰੋਟੀ ਪਕਾ ਲੈਂਦੀ ਹੈ ਨਹੀਂ ਤਾਂ ਗੁਆਂਢੀ ਦੇ ਜਾਂਦੇ ਹਨ ਤੇ ਕਈ ਵਾਰ ਉਹ ਭੁੱਖੇ ਹੀ ਸੌਂ ਜਾਂਦੇ ਹਨ। ਪ੍ਰਦੀਪ ਦੀ ਮੌਤ ਤੋਂ ਪਿੱਛੋਂ ਲੜਕੀ ਦਾ ਵਿਆਹ ਵੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੋਇਆ।
ਰਮਨਦੀਪ ਕੌਰ ਨੇ ਕਿਹਾ ਕਿ ਲੜਕੀ ਦੇ ਸਹੁਰੇ ਪਰਿਵਾਰ ਦੀ ਆਰਥਿਕ ਹਾਲਤ ਵੀ ਜ਼ਿਆਦਾ ਚੰਗੀ ਨਹੀਂ ਹੈ ਫਿਰ ਵੀ ਉਹ ਮਾਤਾ-ਪਿਤਾ ਦੀ ਹਾਲਤ ਦੇਖ ਕੇ ਕਦੇ ਕਦਾਈ ਕੁੱਝ ਰਾਸ਼ਨ ਪਾਣੀ ਦੇ ਜਾਂਦੀ ਹੈ। ਰਮਨਦੀਪ ਨੇ ਦੱਸਿਆ ਕਿ ਤਾਲਾਬੰਦੀ ਦੌਰਾਨ ਕੁੱਝ ਰਾਸ਼ਨ ਉਹ ਖੁਦ ਦੇ ਕੇ ਆਈ ਹੈ।
ਰਮਨਦੀਪ ਕੌਰ ਨੇ ਦੱਸਿਆ ਕਿ ਉਸ ਨੇ ਜਦੋਂ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣੀ ਸ਼ੁਰੂ ਕੀਤੀ ਅਤੇ ਪਲਾਟ ਠੀਕ ਕਰਵਾਇਆ ਤਾਂ ਨਸ਼ੇ ਦੇ ਆਦੀ ਪਿੰਡ ਦੇ ਬਾਹਰ ਵਾਰ ਮੰਡੀ ਵਿੱਚ ਜਾਣ ਲੱਗ ਗਏ। ਉਸ ਨੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਪਰ ਲੰਬੇ ਸਮੇਂ ਤੱਕ ਕੁਝ ਨਹੀਂ ਹੋਇਆ। ਇਸ ਤਾਲਾਬੰਦੀ ਦੌਰਾਨ ਵੀ ਪਿੰਡ ਦੇ ਚਾਰ ਨੌਜਵਾਨ ਵੱਖ-ਵੱਖ ਕਾਰਨਾਂ ਕਰਕੇ ਮੌਤ ਨੂੰ ਗਲ ਲਾ ਚੁੱਕੇ ਹਨ। ਇਨ੍ਹਾਂ ਵਿੱਚੋਂ ਦੋ ਦੀ ਮੌਤ ਨਸ਼ਿਆਂ ਕਾਰਨ ਹੋਈ ਹੈ। ਪ੍ਰਸ਼ਾਸਨ ਅਤੇ ਸਰਕਾਰਾਂ ਨਸ਼ੇ ਰੋਕਣ ਦੇ ਜੋ ਮਰਜ਼ੀ ਦਾਅਵੇ ਕਰਦੀਆਂ ਰਹਿਣ ਪਰ ਨਸ਼ੇ ਦੀ ਸਪਲਾਈ ਬਾਦਸਤੂਰ ਜਾਰੀ ਹੈ। ਉਸ ਨੇ ਦੱਸਿਆ ਕਿ ਇਹ ਲੜਾਈ ਲੋਕਾਂ ਦੇ ਵੱਡੇ ਅੰਦੋਲਨ ਤੋਂ ਬਿਨਾਂ ਜਿੱਤੀ ਨਹੀਂ ਜਾ ਸਕਦੀ।