ਪੱਤਰ ਪ੍ਰੇਰਕ
ਮੁਕੇਰੀਆਂ, 23 ਜੁਲਾਈ
ਪੌਂਗ ਡੈਮ ਦੇ ਮਨਾਹੀ ਵਾਲੇ ਖੇਤਰ ਵਿੱਚ ਬਿਨਾਂ ਮਨਜ਼ੂਰੀ ਲੱਗੇ ਕਰੱਸ਼ਰ ਖ਼ਿਲਾਫ਼ ਤਲਵਾੜਾ ਪੁਲੀਸ ਨੇ ਖਣਨ ਵਿਭਾਗ ਦੀ ਸ਼ਿਕਾਇਤ ਅਤੇ ਐੱਸਡੀਐੱਮ ਮੁਕੇਰੀਆਂ ਦੀ ਰਿਪੋਰਟ ਦੇ ਆਧਾਰ ’ਤੇ ਕਰੱਸ਼ਰ ਮਾਲਕ ਸਣੇ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਤਲਵਾੜਾ ਪੁਲੀਸ ਨੇ ਮੌਕੇ ਤੋਂ ਕਰੱਸ਼ਰ ਮਾਲਕ ਨੂੰ ਹਿਰਾਸਤ ਵਿੱਚ ਲੈ ਕੇ ਦੋ ਪੋਕਲੇਨ ਮਸ਼ੀਨਾਂ, ਇੱਕ ਜੇਸੀਬੀ, 3 ਟਰੈਕਟਰ ਅਤੇ 5 ਟਿੱਪਰ ਜ਼ਬਤ ਕੀਤੇ ਹਨ। ਦੱਸਣਯੋਗ ਹੈ ਕਿ ਇਹ ਕਾਰਵਾਈ ਤਲਵਾੜਾ ਦੇ ਪਿੰਡ ਚੰਗੜਵਾਂ ਅਤੇ ਦਸੂਹਾ ਵਾਸੀਆਂ ਵੱਲੋਂ ਉਨ੍ਹਾਂ ਦੀ ਜ਼ਮੀਨ 728 ਕਨਾਲ ਜ਼ਮੀਨ ’ਤੇ ਕਰੱਸ਼ਰ ਵੱਲੋਂ ਗ਼ੈਰ ਕਨੂੰਨੀ ਖਣਨ ਦੀ ਸ਼ਿਕਾਇਤ ਉੱਤੇ ਕੀਤੀ ਗਈ ਹੈ।
ਡੀਐੱਸਪੀ ਬਲਵੀਰ ਸਿੰਘ ਅਤੇ ਐੱਸਐੱਚਓ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਖਣਨ ਵਿਭਾਗ ਹੁਸ਼ਿਆਰਪੁਰ ਦੇ ਜੂਨੀਅਰ ਇੰਜਨੀਅਰ ਸੁਨੀਲ ਸ਼ਰਮਾ ਅਤੇ ਅਜੇ ਪਾਂਡੇ ਵੱਲੋਂ ਤਲਵਾੜਾ ਪੁਲੀਸ ਸਣੇ ਹਿਮਾਚਲ ਤੇ ਪੰਜਾਬ ਦੀ ਹੱਦ ’ਤੇ ਲੱਗੇ ਕਰੱਸ਼ਰ ਨੂੰ ਚੈੱਕ ਕੀਤਾ ਤਾਂ ਕਰੱਸ਼ਰ ਮਾਲਕ ਮਨੋਜ ਕੁਮਾਰ ਰਿੰਕੂ ਕੋਈ ਦਸਤਾਵੇਜ਼ ਨਾ ਦਿਖਾ ਸਕਿਆ। ਇਸ ਦੌਰਾਨ ਪੁਲੀਸ ਤੇ ਹੋਰ ਅਧਿਕਾਰੀਆਂ ਨੂੰ ਆਉਂਦੇ ਦੇਖ ਮਸ਼ੀਨਾਂ ਦੇ ਚਾਲਕ ਅਤੇ ਟਿੱਪਰਾਂ ਦੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਏ। ਪੁਲੀਸ ਨੇ ਕਰੱਸ਼ਰ ਮਾਲਕ ਮਨੋਜ ਕੁਮਾਰ ਰਿੰਕੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਅਨੁਸਾਰ ਖਣਨ ਵਿਭਾਗ ਕੋਲ ਪੰਜਾਬ ਦੀ ਜ਼ਮੀਨ ’ਤੇ ਲੱਗੇ ਕਰੱਸ਼ਰ ਸਬੰਧੀ ਕੋਈ ਵੀ ਦਸਤਾਵੇਜ਼ ਮੌਜੂਦ ਨਹੀਂ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕੇਸ ਦਰਜ ਕਰਨ ਉਪਰੰਤ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।