ਵਿਸ਼ਵ ਭਾਰਤੀ
ਚੰਡੀਗੜ੍ਹ, 16 ਜੁਲਾਈ
ਭਗਤ ਸਿੰਘ ਨੂੰ ਅਤਿਵਾਦੀ ਆਖ ਕੇ ਕੀ ਸਿਮਰਨਜੀਤ ਸਿੰਘ ਮਾਨ ਆਪਣੇ ਨਾਨਾ ਦੇ ਪਾਪ ਛਿਪਾਉਣਾ ਚਾਹੁੰਦੇ ਹਨ? ਮਾਮਲਾ ਅਜਿਹਾ ਹੀ ਜਾਪਦਾ ਹੈ ਕਿਉਂਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਆਪੂੰ ਬਣੇ ਸਰਬਰਾਹ (ਪ੍ਰਬੰਧਕ) ਮਾਨ ਦੇ ਨਾਨਾ ਅਰੂੜ ਸਿੰਘ ਨੇ ਅਕਾਲ ਤਖ਼ਤ ’ਤੇ ਉਸ ਸਮੇਂ ਜਨਰਲ ਡਾਇਰ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਸੀ ਜਦੋਂ ਜਲ੍ਹਿਆਂਵਾਲਾ ਬਾਗ਼ ਵਿੱਚ ਵਾਪਰੇ ਸਾਕੇ ਮਗਰੋਂ ਅਜੇ ਪੰਜਾਬ ਦੇ ਹੰਝੂ ਤੱਕ ਨਹੀਂ ਸੁੱਕੇ ਸਨ। ਭਾਵੇਂ ਅਰੂੜ ਸਿੰਘ ਵੱਲੋਂ ਜਨਰਲ ਡਾਇਰ ਨੂੰ ਸਨਮਾਨਿਤ ਕੀਤੇ ਜਾਣ ਨੇ ਸਮੁੱਚੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ ਤੇ ਇਹ ਹਮੇਸ਼ਾਂ ਸਿੱਖ ਇਤਿਹਾਸ ’ਚ ਇੱਕ ਕਾਲਾ ਅਧਿਆਏ ਬਣਿਆ ਰਹੇਗਾ ਪਰ ਸਿਮਰਨਜੀਤ ਮਾਨ ਨੂੰ ਇਹ ਗੱਲ ਅਜੇ ਵੀ ਗਲਤ ਨਹੀਂ ਜਾਪਦੀ। ਦਰਅਸਲ, ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਸਾਂਡਰਸ ਕਤਲ ਕੇਸ ਦਾ ਹਵਾਲਾ ਦਿੰਦਿਆਂ, ਭਗਤ ਸਿੰਘ ਨੂੰ ਅਤਿਵਾਦੀ ਆਖਿਆ ਸੀ ਕਿਉਂਕਿ ਉਸਨੇ ਇੱਕ ਅੰਮ੍ਰਿਤਧਾਰੀ ਸਿੱਖ ਪੁਲੀਸ ਕਾਂਸਟੇਬਲ ਨੂੰ ਮਾਰ ਦਿੱਤਾ ਸੀ ਤੇ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ। ਹਾਲਾਂਕਿ, ਸ੍ਰੀ ਮਾਨ ਦੇ ਇਸ ਬਿਆਨ ਨੇ ਇੱਕ ਵਾਰ ਮੁੜ ਬਸਤੀਵਾਦੀ ਕਾਲ ਦੌਰਾਨ ‘ਟੋਡੀਆਂ’ (ਬ੍ਰਿਟਿਸ਼ ਸਰਕਾਰ ਦੇ ਵਫ਼ਾਦਾਰਾਂ) ਬਾਰੇ ਬਹਿਸ ਸ਼ੁਰੂ ਕਰ ਦਿੱਤੀ ਹੈ। ਜੇਕਰ ਅਸੀਂ ਇਤਿਹਾਸ ਵੱਲ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਸਿੱਖ ਭਾਈਚਾਰਾ ਅਰੂੜ ਸਿੰਘ ਵੱਲੋਂ ਜਨਰਲ ਡਾਇਰ ਅੱਗੇ ਇਸ ਕਦਰ ਝੁਕ ਜਾਣ ਤੋਂ ਏਨਾ ਦੁਖੀ ਸੀ ਕਿ ਇਸ ਗੱਲ ਨੇ ਉੱਚ ਸਿੱਖ ਲੀਡਰਸ਼ਿਪ ਖ਼ਿਲਾਫ਼ ਵਿਦਰੋਹ ਤੇ ਅਕਾਲੀ ਲਹਿਰ ਨੂੰ ਜਨਮ ਦਿੱਤਾ। ਦਿੱਲੀ ਦੇ ਪ੍ਰੋ. ਮੋਹਿੰਦਰ ਸਿੰਘ ਨੇ ਆਪਣੀ ਪੁਸਤਕ ‘ਦਿ ਅਕਾਲੀ ਮੂਵਮੈਂਟ’ ਵਿੱਚ ਅਰੂੜ ਸਿੰਘ ਤੇ ਜਨਰਲ ਡਾਇਰ ਵਿਚਾਲੇ ਹੋਈ ਗੱਲਬਾਤ ਬਾਰੇ ਵਿਸਤ੍ਰਿਤ ਜ਼ਿਕਰ ਕੀਤਾ ਹੈ। ਉਨ੍ਹਾਂ ਲਿਖਿਆ ‘ਜਦੋਂ ਸਮੁੱਚਾ ਮੁਲਕ ਇਸ ਜ਼ਾਲਮਾਨਾ ਕਾਰਵਾਈ ਦੀ ਨਿਖੇਧੀ ਕਰ ਰਿਹਾ ਸੀ ਤੇ ਡੂੰਘੇ ਸਦਮੇ ’ਚ ਸੀ ਤਾਂ ਇਸ ਦੌਰਾਨ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਨਿਯੁਕਤ ਸਰਬਰਾਹ ਅਰੂੜ ਸਿੰਘ ਨੇ ਜਨਰਲ ਡਾਇਰ ਨੂੰ ਸ੍ਰੀ ਦਰਬਾਰ ਸਾਹਿਬ ਆਉਣ ਦਾ ਸੱਦਾ ਦਿੱਤਾ ਤੇ ਉਸ ਨੂੰ ਸਿਰੋਪੇ ਨਾਲ ਸਨਮਾਨਿਤ ਕਰ ਕੇ ‘ਸਿੱਖ’ ਐਲਾਨਦਿਆਂ ਉਸ ਦੇ ਖੂਨ ਦੇ ਧੱਬੇ ਧੋਣ ਦਾ ਯਤਨ ਕੀਤਾ। ਉਹ ਲਿਖਦੇ ਹਨ, ਜਨਰਲ ਡਾਇਰ ਤੇ ਕੈਪਟਨ ਬ੍ਰਿਗਜ਼ ਨੂੰ ਪੰਜ ਕੱਕਾਰ ਦੇ ਦਿੱਤੇ ਗਏ ਤੇ ਇੰਜ ਉਨ੍ਹਾਂ ਨੂੰ ਸਿੱਖ ਬਣਾਉਣ ਦਾ ਯਤਨ ਕੀਤਾ ਗਿਆ। ਇਸ ਦੌਰਾਨ ਜਿੱਥੇ ਜਲ੍ਹਿਆਂਵਾਲਾ ਬਾਗ਼ ਦੀ ਘਟਨਾ ਨਾਲ ਮੁਲਕ ਦੇ ਆਜ਼ਾਦੀ ਸੰਘਰਸ਼ ਦਾ ਮੁੱਢ ਬੱਝਾ, ਉੱਥੇ ਅਰੂੜ ਸਿੰਘ ਦੀ ਇਸ ਕਾਰਵਾਈ ਨੇ ਗੁਰਦੁਆਰਾ ਪ੍ਰਬੰਧ ’ਚ ਸੁਧਾਰ ਲਿਆਉਣ, ਮਹੰਤਾਂ ਤੇ ਪੁਜਾਰੀਆਂ ਦੀਆਂ ਕਾਲੀਆਂ ਕਰਤੂਤਾਂ ਅਤੇ ਉਨ੍ਹਾਂ ਦੇ ਮਾੜੇ ਕੰਮਾਂ ’ਤੇ ਰੋਕ ਲਾਉਣ ਦੀ ਮੰਗ ਨੂੰ ਹੱਲਾਸ਼ੇਰੀ ਦਿੱਤੀ। ਇਸ ਦੌਰਾਨ ਸਿੱਖ ਭਾਈਚਾਰੇ ਵਿੱਚ ਵਧ ਰਹੀ ਨਿਰਾਸ਼ਾ ਦਾ ਮੁੱਖ ਕਾਰਨ ਉਨ੍ਹਾਂ ਦੇ ਸਭ ਤੋਂ ਅਹਿਮ ਧਾਰਮਿਕ ਅਸਥਾਨ ਦੀ ਸਰਕਾਰ ਵੱਲੋਂ ਨਿਯੁਕਤ ਸਰਬਰਾਹਾਂ ਵੱਲੋਂ ਦੁਰਗਤੀ ਤੇ ਪੰਜਾਬ ਵਿੱਚ ਬ੍ਰਿਟਿਸ਼ ਸਰਕਾਰ ਦੇ ਨਿਯੁਕਤ ਅਧਿਕਾਰੀਆਂ ਵੱਲੋਂ ਸਿਰਫ਼ ਸਰਕਾਰ ਦੇ ਪਿੱਠੂ ਬਣਨਾ ਹੀ ਸੀ।
ਅੰਮ੍ਰਿਤਸਰ ਨੂੰ ਬੰਬਾਰੀ ਤੋਂ ਬਚਾਉਣ ਲਈ ਲਿਆ ਸੀ ਫੈਸਲਾ: ਮਾਨ
ਅੱਜ ਵੀ, ਸਿਮਰਨਜੀਤ ਸਿੰਘ ਮਾਨ ਆਪਣੇ ਨਾਨਾ ਵੱਲੋਂ ਜਨਰਲ ਡਾਇਰ ਨੂੰ ਸਨਮਾਨਿਤ ਕਰਨ ਨੂੰ ਸਹੀ ਠਹਿਰਾਉਂਦੇ ਹਨ। ਇਸ ਸਬੰਧੀ ਸੰਪਰਕ ਕਰਨ ’ਤੇ ਸ੍ਰੀ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਨਾਨਾ ਨੇ ਜਨਰਲ ਡਾਇਰ ਨੂੰ ਸਨਮਾਨਿਤ ਉਸਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਕੀਤਾ ਕਿਉਂਕਿ ਬ੍ਰਿਟਿਸ਼ ਸਰਕਾਰ ਅੰਮ੍ਰਿਤਸਰ ’ਚ ਬੰਬਾਰੀ ਕਰਵਾਉਣਾ ਚਾਹੁੰਦੀ ਸੀ। ‘ਉਨ੍ਹਾਂ ਅਜਿਹਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਬੰਬਾਰੀ ਤੋਂ ਬਚਾਉਣ ਲਈ ਉਸ ਸਮੇਂ ਖਾਲਸਾ ਕਾਲਜ ਦੇ ਪ੍ਰਿੰਸੀਪਲ ਜੀ ਏ ਵਾਥਨ ਦੀ ਸਲਾਹ ’ਤੇ ਕੀਤਾ।’
ਮਾਨ ਦੇ ਨਾਨਾ ਤੇ ਜਨਰਲ ਡਾਇਰ ਵਿਚਾਲੇ ਹੋਈ ਗੱਲਬਾਤ ਦਾ ਹਵਾਲਾ
ਸਾਹਬ, ਉਨ੍ਹਾਂ ਦਾ ਕਹਿਣਾ ਹੈ ਕਿ ਤੁਹਾਨੂੰ ਸਿੱਖ ਬਣ ਜਾਣਾ ਚਾਹੀਦਾ ਹੈ, ਜਿਵੇਂ ਕਿ ਨਿਕਲਸਨ ਸਾਹਿਬ ਬਣ ਗਏ ਹਨ।’
ਜਨਰਲ ਡਾਇਰ ਨੇ ਸਨਮਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਪਰ ਉਸ ਨੇ ਇਤਰਾਜ਼ ਜਤਾਇਆ ਕਿ ਉਹ ਇੱਕ ਬ੍ਰਿਟਿਸ਼ ਅਫ਼ਸਰ ਹੋਣ ਦੇ ਨਾਤੇ, ਆਪਣੇ ਵਾਲ ਲੰਮੇ ਨਹੀਂ ਰੱਖ ਸਕਦਾ।
ਅਰੂੜ ਸਿੰਘ ਹੱਸਿਆ ਤੇ ਕਿਹਾ, ‘ਅਸੀਂ ਤੁਹਾਨੂੰ ਵਾਲ ਲੰਮੇ ਰੱਖਣ ਤੋਂ ਛੋਟ ਦੇ ਦਿਆਂਗੇ।’
ਜਨਰਲ ਡਾਇਰ ਨੇ ਇੱਕ ਹੋਰ ਇਤਰਾਜ਼ ਜਤਾਇਆ,‘ਪਰ ਮੈਂ ਸਿਗਰਟ ਪੀਣੀ ਨਹੀਂ ਛੱਡ ਸਕਦਾ।’
ਅਰੂੜ ਸਿੰਘ ਨੇ ਕਿਹਾ,‘ਤੁਹਾਨੂੰ ਅਜਿਹਾ ਕਰਨਾ ਪਵੇਗਾ।’
ਜਨਰਲ ਨੇ ਕਿਹਾ, ‘ਨਹੀਂ। ਮੈਂ ਮੁਆਫ਼ੀ ਚਾਹੁੰਦਾ ਹਾਂ, ਪਰ ਮੈਂ ਸਿਗਰਟ ਪੀਣੀ ਨਹੀਂ ਛੱਡ ਸਕਦਾ।’
ਮਹੰਤ ਨੇ ਕਿਹਾ,‘ਅਸੀਂ ਤੁਹਾਨੂੰ ਹੌਲੀ-ਹੌਲੀ ਇਸ ਨੂੰ ਛੱਡਣ ਲਈ ਕਹਾਂਗੇ।’
ਜਨਰਲ ਡਾਇਰ ਨੇ ਕਿਹਾ,‘ਮੈਂ ਤੁਹਾਨੂੰ ਵਾਅਦਾ ਕਰਦਾ ਹਾਂ। ਮੈਂ ਹਰ ਸਾਲ ਇੱਕ ਸਿਗਰਟ ਪੀਣੀ ਘੱਟ ਕਰਦਾ ਜਾਵਾਂਗਾ।’ (ਸੂਤਰ: ਪ੍ਰੋ. ਮੋਹਿੰਦਰ ਸਿੰਘ ਵੱਲੋਂ ਲਿਖੀ ਪੁਸਤਕ ‘ਦਿ ਅਕਾਲੀ ਮੂਵਮੈਂਟ’ ਵਿੱਚੋਂ।)
ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਵੇਗੀ ਸਰਕਾਰ: ਮੀਤ ਹੇਅਰ
ਚੰਡੀਗੜ੍ਹ (ਟਨਸ): ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸ਼ਹੀਦ ਭਗਤ ਸਿੰਘ ਨੂੰ ਅਤਿਵਾਦੀ ਕਹਿਣ ’ਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮਾਨ ਨੇ ਸ਼ਹੀਦ ਭਗਤ ਸਿੰਘ ਦਾ ਨਿਰਾਦਰ ਕੀਤਾ ਹੈ ਅਤੇ ਇਸ ਨਾਲ ਪੰਜਾਬੀਆਂ ਦੇ ਮਨਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਵੇਗੀ।
ਸ਼ਹੀਦ ਭਗਤ ਸਿੰਘ ਖ਼ਿਲਾਫ਼ ਬਿਆਨ ਬਰਦਾਸ਼ਤ ਨਹੀਂ: ਵੜਿੰਗ
ਚੰਡੀਗੜ੍ਹ (ਟਨਸ): ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਅਤਿਵਾਦੀ ਕਹਿਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਨ ਵੱਲੋਂ ਜਾਣਬੁੱਝ ਕੇ ਆਪਣੇ ਭੜਕਾਊ ਬਿਆਨਾਂ ਨਾਲ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਸਵੀਕਾਰਨਯੋਗ ਨਹੀਂ ਹੈ।