ਚਰਨਜੀਤ ਭੁੱਲਰ
ਚੰਡੀਗੜ੍ਹ, 8 ਜੂਨ
ਪੰਜਾਬ ਸਰਕਾਰ ਦੇ ‘ਘਰ ਘਰ ਰੁਜ਼ਗਾਰ’ ਦਾ ਇੱਕ ਸੱਚ ਸੁਰਿੰਦਰ ਪਾਲ ਵੀ ਹੈ। ਬਚਪਨ ਉਮਰੇ ਬਾਪ ਦੇ ਕੰਧੇੜੇ ਚੜ੍ਹਨ ਤੋਂ ਡਰਨ ਵਾਲਾ ਸੁਰਿੰਦਰ ਪਾਲ ਹੁਣ ਰੁਜ਼ਗਾਰ ਲਈ ਪਟਿਆਲਾ ਦੇ ਲੀਲ੍ਹਾ ਭਵਨ ਦੇ 260 ਫੁੱਟ ਉੱਚੇ ਮੋਬਾਈਲ ਟਾਵਰ ’ਤੇ 80 ਦਿਨਾਂ ਤੋਂ ਚੜ੍ਹਿਆ ਹੋਇਆ ਹੈ ਤਾਂ ਜੋ ਪੰਜਾਬ ਸਰਕਾਰ ਦੀ ਨਜ਼ਰ ਉਸ ’ਤੇ ਪੈ ਸਕੇ। ਉਸ ਨੇ ਟਾਵਰ ’ਤੇ 1920 ਘੰਟੇ ਗੁਜ਼ਾਰੇ ਹਨ। ਇਸ ਦੌਰਾਨ ਮੀਂਹ ਵੀ ਝੱਲੇ ਹਨ ਅਤੇ ਧੁੱਪਾਂ ਦਾ ਸੇਕ ਵੀ ਹੰਢਾਇਆ ਹੈ।
ਗੁਰਦਾਸਪੁਰ ਦੇ ਪਿੰਡ ਬਿਆਨਪੁਰ ਦੇ ਸੁਰਿੰਦਰ ਪਾਲ ਦੀ ਦਾਸਤਾਂ ਸੁੰਨ ਕਰ ਦੇਣ ਵਾਲੀ ਹੈ। ਈਟੀਟੀ ਟੈੈੱਟ ਪਾਸ ਇਹ ਦਲਿਤ ਮੁੰਡਾ ਹਰ ਜਮਾਤ ਪਹਿਲੇ ਦਰਜੇ ’ਚ ਪਾਸ ਹੈ। ਮੰਗ ਏਨੀ ਕੁ ਹੈ ਕਿ ਸਰਕਾਰ ਵੱਲੋਂ ਈਟੀਟੀ ਟੈੱਟ ਪਾਸ 2364 ਅਧਿਆਪਕਾਂ ਦੀਆਂ ਪ੍ਰਕਾਸ਼ਿਤ ਅਸਾਮੀਆਂ ’ਚ ਈਟੀਟੀ ਟੈੱਟ ਪਾਸ ਅਧਿਆਪਕਾਂ ਦੇ ਹੱਕ ’ਤੇ ਕੋਈ ਡਾਕਾ ਨਾ ਵੱਜੇ। 36 ਵਰ੍ਹਿਆਂ ਦਾ ਸੁਰਿੰਦਰ ਪਾਲ ਨੌਕਰੀ ਦੀ ਝਾਕ ਵਿੱਚ ਵਿਆਹੁਤਾ ਸਫ਼ਰ ਵੀ ਸ਼ੁਰੂ ਨਹੀਂ ਕਰ ਸਕਿਆ। ਪੈਰ ਪੈਰ ’ਤੇ ਜ਼ਿੰਦਗੀ ਉਸ ਨੂੰ ਸ਼ਰੀਕ ਬਣ ਟੱਕਰੀ ਪਰ ਉਸ ਦੀ ਹਿੰਮਤ ਨੇ ਪਿੱਠ ਨਾ ਦਿਖਾਈ। ਮਾਂ ਦਾ ਦੇਹਾਂਤ ਹੋ ਗਿਆ ਅਤੇ 80 ਵਰ੍ਹਿਆਂ ਦੇ ਬਾਪ ਪਰਸ ਰਾਮ ਦੇ ਮਜ਼ਦੂਰੀ ਨੇ ਕੁੱਬ ਪਾ ਦਿੱਤਾ ਹੈ।
ਸੁਰਿੰਦਰ ਪਾਲ ਦਾ ਨਾਂ ਲਾਡ ’ਚ ਬਾਪ ਨੇ ਬਬਲੂ ਰੱਖਿਆ। ਅੱਠਵੀਂ ਜਮਾਤ ’ਚ ਹੀ ਗੁਰਬਤ ਨੇ ਬਬਲੂ ਨੂੰ ਦੋ ਹੱਥ ਦਿਖਾ ਦਿੱਤੇ। ਬਬਲੂ ਨੂੰ ਆਪਣੇ ਦੋ ਹੱਥਾਂ ’ਤੇ ਮਾਣ ਸੀ। ਸਕੂਲੀ ਉਮਰ ’ਚ ਉਹ ਇੱਕ ਦਿਨ ਸਕੂਲ ਜਾਂਦਾ ਤੇ ਇੱਕ ਦਿਨ ਦਿਹਾੜੀ ਕਰਦਾ। ਕਦੇ ਦਿਨੇ ਦਿਹਾੜੀ ਕਰਦਾ, ਰਾਤ ਨੂੰ ਇੱਕ ਇੱਕ ਵਜੇ ਤੱਕ ਪੜ੍ਹਦਾ। ਉੱਪਰੋਂ ਪਰਿਵਾਰ ਪਾਲਣ ਦੀ ਜ਼ਿੰਮੇਵਾਰੀ ਸਿਰ ਪੈ ਗਈ। ਉਹ ਜੂਡੋ ਦਾ ਮੈਡਲ ਜੇਤੂ ਖਿਡਾਰੀ ਵੀ ਹੈ। ਕਾਲਜ ਪੜ੍ਹਨ ਬਾਰੇ ਸੋਚਿਆ ਤਾਂ ਜੂਡੋ ਕੋਚ ਅਮਰਜੀਤ ਸ਼ਾਸਤਰੀ ਨੇ ਕਾਲਜ ਫੀਸ ਤੇ ਕਿਤਾਬਾਂ ਦੀ ਜ਼ਿੰਮੇਵਾਰੀ ਓਟ ਲਈ।
ਸੁਰਿੰਦਰ ਪਾਲ ਆਖਦਾ ਹੈ ਕਿ ਬੱਸ ਦਾ ਭਾੜਾ ਬਾਪ ਦੇਣ ਦੀ ਪਹੁੰਚ ’ਚ ਨਹੀਂ ਸੀ, ਜਿਸ ਦਾ ਜ਼ਿੰਦਗੀ ਭਰ ਮਲਾਲ ਰਹੇਗਾ। ਬਾਪ ਨੇ ਪੁੱਤ ਨੂੰ ਅਧਿਆਪਕ ਬਣਾਉਣ ਦਾ ਸੁਪਨਾ ਦੇਖਿਆ। ਸੁਰਿੰਦਰ ਪਾਲ ਉਨ੍ਹਾਂ ਦਿਨਾਂ ’ਚ ਅਧਿਆਪਕ ਤਾਂ ਨਹੀਂ ਬਣ ਸਕਿਆ, ਪਠਾਨਕੋਟ ਦੇ ਲੇਬਰ ਚੌਕ ਦਾ ਮਜ਼ਦੂਰ ਜ਼ਰੂਰ ਬਣ ਗਿਆ। ਸਰੀਰਕ ਤੌਰ ’ਤੇ ਮਾੜਕੂ ਹੋਣ ਕਰਕੇ ਉਸ ਨੂੰ ਕੋਈ ਦਿਹਾੜੀ ’ਤੇ ਵੀ ਨਹੀਂ ਲਿਜਾਂਦਾ ਸੀ। ਉਦੋਂ ਸਰੀਰ ਦਾ ਮੁੱਲ ਕਿਸੇ ਨਹੀਂ ਪਾਇਆ ਅਤੇ ਹੁਣ ਬੁੱਧੀ ਦਾ ਮੁੱਲ ਸਰਕਾਰ ਨਹੀਂ ਪਾ ਰਹੀ।
ਉਸ ਨੇ ਅਧਿਆਪਕ ਬਣਨ ਦੀ ਠਾਣ ਲਈ। ਈਟੀਟੀ ਕਰਨ ਲਈ ਸਵਾ ਲੱਖ ਦਾ ਬੋਝ ਰਿਸ਼ਤੇਦਾਰਾਂ ਤੇ ਦੋਸਤਾਂ ਨੇ ਚੁੱਕ ਲਿਆ। ਆਖਰ ਟੈੱਟ ਵੀ ਪਾਸ ਕਰ ਲਿਆ। ਈਟੀਟੀ ਦੌਰਾਨ ਉਹ ਰਾਤ ਨੂੰ ਫੈਕਟਰੀ ਵਿੱਚ ਕੰਮ ਵੀ ਕਰਦਾ ਰਿਹਾ। ਉਹ ਕਦੇ ਜ਼ਿੰਦਗੀ ’ਚ ਤਿੱਥ ਤਿਉਹਾਰ ਨਹੀਂ ਮਨਾ ਸਕਿਆ। ਆਖਦਾ ਹੈ ‘ਜੇਬ ਹੈ ਖਾਲੀ ਤਾਂ ਕਾਹਦੀ ਦੀਵਾਲ਼ੀ।’ ਕੋਈ ਸ਼ੌਕ ਉਸ ਦੀ ਦੇਹਲੀ ਨਾ ਚੜ੍ਹ ਸਕਿਆ। ਅਸਾਮੀਆਂ ਪ੍ਰਕਾਸ਼ਿਤ ਹੋਈਆਂ ਤਾਂ ਉਸ ਨੂੰ ਆਸ ਬੱਝੀ ਪਰ ਸਭ ਸੁਪਨੇ ਖੰਭ ਲਾ ਉੱਡ ਗਏ।
ਸੁਰਿੰਦਰ ਪਾਲ 20 ਮਾਰਚ ਨੂੰ ਇਹ ਸੋਚ ਪਟਿਆਲਾ ਦੇ ਟਾਵਰ ’ਤੇ ਚੜ੍ਹਿਆ ਕਿ ਸ਼ਾਇਦ ਸਰਕਾਰ ਨੂੰ ਨਜ਼ਰ ਨਹੀਂ ਪੈ ਰਿਹਾ। ਉਹ ਜ਼ਿੰਦਗੀ ਦੀ ਆਖ਼ਰੀ ਜੰਗ ਲੜ ਰਿਹਾ ਹੈ। ਬਾਪ ਕੋਲ ਹੱਲਾਸ਼ੇਰੀ ਦੇਣ ਤੋਂ ਬਿਨਾਂ ਕੁਝ ਨਹੀਂ ਬਚਿਆ। ਉਸ ਨੂੰ ਰੁਜ਼ਗਾਰ ਲਈ ਥਾਣੇ ਦੇਖਣੇ ਪਏ ਅਤੇ ਲਾਠੀਚਾਰਜ ਵੀ ਝੱਲਣੇ ਪਏ। ਉਹ ਆਖਦਾ ਹੈ ਕਿ ਏਸ ਟਾਵਰ ਤੋਂ ਮੋਤੀ ਮਹਿਲ ਦਿਖਦਾ ਹੈ ਪਰ ਮੋਤੀ ਮਹਿਲ ਨੂੰ ਟਾਵਰ ਨਹੀਂ ਦਿਖਦਾ। ਸਿੱਖਿਆ ਮੰਤਰੀ ਨੇ ਉਸ ਨਾਲ ਫੋਨ ’ਤੇ ਗੱਲ ਕੀਤੀ ਪਰ ਉਹ ਹਕੀਕੀ ਫ਼ੈਸਲਾ ਚਾਹੁੰਦਾ ਸੀ। ਪੰਜਾਬ ਸਰਕਾਰ ਨੇ ਟਾਵਰ ’ਤੇ ਪੁਲੀਸ ਪਹਿਰਾ ਲਾ ਦਿੱਤਾ ਪਰ ਹਕੂਮਤ ’ਚ ਏਨੀ ਸੰਵੇਦਨਾ ਨਹੀਂ ਕਿ ਸੁਰਿੰਦਰ ਪਾਲ ਨੂੰ ਟਾਵਰ ਤੋਂ ਉਤਾਰਨ ਦਾ ਹੀਲਾ ਕਰਦੀ।
80 ਦਿਨਾਂ ਤੋਂ ਟਾਵਰ ’ਤੇ ਬੈਠੇ ਸੁਰਿੰਦਰ ਪਾਲ ਦਾ ਵਜ਼ਨ ਘਟ ਗਿਆ ਹੈ ਅਤੇ ਸਿਹਤ ਕਮਜ਼ੋਰ ਪੈਣ ਲੱਗੀ ਹੈ। ਸਿਰਫ਼ ਬਿਸਕੁਟ ਖਾ ਰਿਹਾ ਤੇ ਪਾਣੀ ਪੀ ਰਿਹਾ ਹੈ। ਵਿਰੋਧੀ ਧਿਰਾਂ ਦੇ ਆਗੂ ਆਏ, ਸਿਰਫ਼ ਹਮਦਰਦੀ ਦੇ ਕੇ ਤੁਰ ਗਏ। ਗੁਰਾਂ ਦੇ ਪੰਜਾਬ ’ਚ ਕੋਈ ਅਜਿਹੀ ਆਵਾਜ਼ ਨਹੀਂ ਉੱਠੀ ਜੋ ਉਸ ਦੇ ਦੁੱਖਾਂ ਦੀ ਦਾਰੂ ਬਣ ਸਕਦੀ। ਉਸ ਨੂੰ ਪੜ੍ਹਾਈ ’ਤੇ ਅਫ਼ਸੋਸ ਨਹੀਂ, ਹਾਲਾਤ ’ਤੇ ਹੈ, ਜਿਨ੍ਹਾਂ ਨੂੰ ਮੌਕੇ ਦੀਆਂ ਸਰਕਾਰਾਂ ਨੇ ਬਣਾਇਆ। ਉਸ ਨੂੰ ਜਿੱਤਣ ਦਾ ਭਰੋਸਾ ਹੈ।
ਬੇਕਾਰੀ ਭੱਤਾ ਹੀ ਦੇ ਦਿਓ!
ਸੁਰਿੰਦਰ ਪਾਲ ਆਖਦਾ ਹੈ ਕਿ ਸਰਕਾਰ ਵੱਲ ਉਸ ਦਾ 2500 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ 1.35 ਲੱਖ ਰੁਪਏ ਦਾ ਬੇਰੁਜ਼ਗਾਰੀ ਭੱਤੇ ਦਾ ਬਕਾਇਆ ਖੜ੍ਹਾ ਹੈ। ਸਰਕਾਰ ਬੇਕਾਰੀ ਭੱਤਾ ਦੇਵੇ। ਇਸ ਨੌਜਵਾਨ ਨੂੰ ਭਰਾਤਰੀ ਤੇ ਕਿਸਾਨ ਧਿਰਾਂ ਤੋਂ ਇਲਾਵਾ ਈਟੀਟੀ ਟੈੱਟ ਪਾਸ ਯੂਨੀਅਨ ਦੇ ਸਾਥ ’ਤੇ ਫ਼ਖ਼ਰ ਵੀ ਹੈ। ਦੇਖਿਆ ਜਾਵੇ ਤਾਂ ਸੁਰਿੰਦਰ ਪਾਲ ਅਧਿਆਪਕ ਦੀ ਬੇਕਦਰੀ ਦਾ ਪ੍ਰਤੱਖ ਨਮੂਨਾ ਹੈ।