ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 25 ਸਤੰਬਰ
ਅੰਮ੍ਰਿਤਸਰ ਸ਼ਹਿਰ ਦੀ ਕੁੜੀ ‘ਹਿਸਾਅ’ ਨੂੰ ਇੰਟਰਨੈਸ਼ਨਲ ਸਪੇਸ ਓਲੰਪਿਆਡ ਵਿੱਚ ਜੇਤੂ ਰਹਿਣ ਮਗਰੋਂ ਨਾਸਾ ਜਾਣ ਦਾ ਮੌਕਾ ਮਿਲ ਰਿਹਾ ਹੈ। ਹਿਸਾਅ ਇਥੇ ਸਥਾਨਕ ਡੀਏਵੀ ਪਬਲਿਕ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਹੈ, ਜਿਸ ਨੇ ਇੰਟਰਨੈਸ਼ਨਲ ਸਪੇਸ ਓਲੰਪਿਆਡ ਮੁਕਾਬਲਾ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਸ ਦੇ ਪਿਤਾ ਸਵਰਾਜਇੰਦਰ ਪਾਲ ਸਿੰਘ ਨਗਰ ਨਿਗਮ ਵਿੱਚ ਬਤੌਰ ਐੱਸਡੀਓ ਅਤੇ ਮਾਂ ਕਮਲਪ੍ਰੀਤ ਕੌਰ ਅੰਗਰੇਜ਼ੀ ਵਿਸ਼ੇ ਦੀ ਅਧਿਆਪਕਾ ਹੈ। ਸਪੇਸ ਬਾਰੇ ਇਹ ਰੁਚੀ ਉਸ ਨੂੰ ਪਿਤਾ ਤੋਂ ਮਿਲੀ ਹੈ। ਹਿਸਾਅ ਨੇ ਦੱਸਿਆ ਕਿ ਸਤੰਬਰ 2019 ਵਿੱਚ ਇਸ ਮੁਕਾਬਲੇ ਲਈ ਆਪਣਾ ਨਾਂ ਦਰਜ ਕਰਾਇਆ ਸੀ ਪਰ ਕਰੋਨਾ ਕਾਰਨ ਇਹ ਮੁਕਾਬਲਾ ਕੁਝ ਪੱਛੜ ਗਿਆ। ਹੁਣ ਮੁਕਾਬਲੇ ਦਾ ਨਤੀਜਾ ਆਇਆ ਹੈ, ਜਿਸ ਵਿੱਚ ਉਸ ਨੂੰ ਪਹਿਲਾ ਸਥਾਨ ਮਿਲਿਆ ਹੈ। ਸਵਰਾਜਇੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਇਹ ਰੁਚੀ ਉਸ ਦੀ ਧੀ ਨੇ ਵੀ ਅਪਣਾਈ ਹੈ। ਬਚਪਨ ਵਿੱਚ ਹੀ ਉਸ ਨੂੰ ਸਪੇਸ ਬਾਰੇ ਜਾਣਨ ਦਾ ਸ਼ੌਕ ਪੈਦਾ ਹੋ ਗਿਆ ਸੀ। ਇਸ ਮੁਕਾਬਲੇ ਵਿੱਚ ਪੰਜਾਬ ਦੇ ਛੇ ਬੱਚੇ ਜੇਤੂ ਰਹੇ ਹਨ, ਜਿਸ ਵਿੱਚੋਂ ਚਾਰ ਲੜਕੀਆਂ, ਅੰਮ੍ਰਿਤਸਰ ਦੇ ਡੀਏਵੀ ਪਬਲਿਕ ਸਕੂਲ ਨਾਲ ਸਬੰਧਤ ਹਨ।