ਮਨੋਜ ਸ਼ਰਮਾ
ਬਠਿੰਡਾ, 27 ਦਸੰਬਰ
ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਤੀਜੇ ਤੇ ਆਖ਼ਰੀ ਦਿਨ ਅੱਜ ਹੋਈ ਵਿਚਾਰ ਚਰਚਾ ਵਿੱਚ ਇਹ ਸੁਰ ਉਭਰ ਕੇ ਸਾਹਮਣੇ ਆਈ ਕਿ ਕਾਰਪੋਰੇਟ ਜਗਤ ਸਥਾਨਕ ਸੱਭਿਆਚਾਰਾਂ ਅਤੇ ਘੱਟ ਗਿਣਤੀ ਸਮਾਜਿਕ ਪਛਾਣਾਂ ਨੂੰ ਖ਼ਤਮ ਕਰਕੇ ਨਿਰੋਲ ਮੁਨਾਫੇ ਆਧਾਰਿਤ ਖ਼ਪਤ ਸੱਭਿਆਚਾਰ ਪੈਦਾ ਕਰਨ ’ਤੇ ਤੁਲਿਆ ਹੋਇਆ ਹੈ ਅਤੇ ਸੱਤਾਧਾਰੀ ਧਿਰਾਂ ਪੂਰੀ ਤਰ੍ਹਾਂ ਉਸ ਦੀ ਪਿੱਠ ’ਤੇ ਹਨ। ਆਪਣੇ ਕੁੰਜੀਵਤ ਭਾਸ਼ਨ ‘ਲੋਕ ਲਹਿਰਾਂ ਅਤੇ ਸਭਿਆਚਾਰ’ ਵਿਸ਼ੇ ’ਤੇ ਬੋਲਦਿਆਂ ਡਾ. ਅਰੀਤ ਚੰਡੀਗੜ੍ਹ ਨੇ ਕਿਸਾਨ ਅੰਦੋਲਨ ਨੂੰ ਵਿਸ਼ਵ ਭਰ ਦੇ ਸੰਘਰਸ਼ਾਂ ਨਾਲ ਜੋੜਦਿਆਂ ਦੱਸਿਆ ਕਿ ਕਿਸ ਤਰ੍ਹਾਂ ਪੂੰਜੀਵਾਦ ਵਿਰੋਧ ਵਿੱਚ ਦੁਨੀਆਂ ਦੇ ਹਰ ਖਿੱਤੇ ਵਿੱਚੋਂ ਆਵਾਜ਼ਾਂ ਉੱਠ ਰਹੀਆਂ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਰਥ ਸ਼ਾਸ਼ਤਰੀ ਡਾ. ਅਨੁਪਮਾ ਨੇ ‘ਮੁਨਾਫੇ ਦੀ ਸਿਆਸਤ ਅਤੇ ਕਿਸਾਨੀ ਘੋਲ’ ਵਿਸ਼ੇ ’ਤੇ ਬੋਲਦਿਆਂ ਦੇਸ਼ ਵਿੱਚ ਪੂੰਜੀਵਾਦ ਵਿਸ਼ਵੀਕਰਨ ਤਹਿਤ ਹੋਏ ਸਮਝੌਤਿਆਂ ਦੀ ਆੜ ਵਿੱਚ ਖੇਤੀ ਖੇਤਰ ਦੀ ਲੁੱਟ ਦਾ ਰਾਹ ਪੱਧਰਾ ਕਰਨ ਬਾਰੇ ਵਿਚਾਰ ਸਾਂਝੇ ਕੀਤੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ. ਪਰਮਿੰਦਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਕਿਹਾ ਕਿ ਮੌਜੂਦਾ ਕਿਸਾਨ ਅੰਦੋਲਨ ਨੇ ਭਾਰਤੀ ਲੋਕਾਂ ਨੂੰ ਇੱਕ ਨਵੀਂ ਸਾਂਝੀ ਪਛਾਣ ਦੇ ਕੇ ਕਾਰਪੋਰੇਟ ਜਗਤ ਦੀ ਲੁੱਟ ਅਤੇ ਸੱਤਾ ਦੀ ਸਾਂਝ-ਭਿਆਲੀ ਖ਼ਿਲਾਫ਼ ਇੱਕਮੁੱਠ ਕੀਤਾ ਹੈ ਅਤੇ ਇਸ ਨੇ ਲੋਕ-ਮੁਖੀ ਸਭਿਆਚਾਰ ਦੀਆਂ ਸੰਭਾਵਨਾਵਾਂ ਜਗਾਈਆਂ ਹਨ। ਇਹ ਅੰਦੋਲਨ ਜਥੇਬੰਦੀਆਂ ਦੀ ਸਾਲਾਂ ਬੱਧੀ ਮਿਹਨਤ ਦਾ ਸਿੱਟਾ ਹੈ। ਇਸ ਤੋਂ ਪਹਿਲਾਂ ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਸਮਾਗਮ ਦੀ ਸ਼ੁਰੂਆਤ ਸਮੇਂ ਦਰਸ਼ਕਾਂ ਨੇ ‘ਮਨ ਕੀ ਬਾਤ’ ਦਾ ਥਾਲੀਆਂ ਖੜਕਾ ਕੇ ਵਿਰੋਧ ਕੀਤਾ। ਲੋਕ ਪੱਖੀ ਗਾਇਕ ਨਵਦੀਪ ਧੌਲਾ ਅਤੇ ਸਾਥੀਆਂ ਨੇ ਸਾਹਿਤਕ ਅਤੇ ਅਗਾਂਹਵਧੂ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ‘ਇੱਕ ਸੀ ਫਰੀਦਕੋਟ ਰਿਆਸਤ’ (ਕਰਨਲ ਬਲਬੀਰ ਸਿੰਘ ਸਰਾਂ), ਗੁਰਸ਼ਰਨ ਸਿੰਘ ਦੀ ਡਾਇਰੀ (ਸੰਪਾਦਕ ਹਰਪ੍ਰੀਤ ਸਿੰਘ), ‘ਕਿਵੇਂ ਲੱਗਿਆ ਸੰਸਦ ਵਿਚ ਭਗਤ ਸਿੰਘ ਦਾ ਬੁੱਤ’ (ਮਨੋਹਰ ਸਿੰਘ ਗਿੱਲ), ਯਾਤਰਾਵਾਂ (ਪਵਨ ਗੁਲਾਟੀ) ਪੁਸਤਕਾਂ ਦਾ ਲੋਕ ਅਰਪਣ ਕੀਤਾ ਗਿਆ। ਸ਼ਹੀਦ ਭਗਤ ਸਿੰਘ ਲਾਇਬਰੇਰੀ ਜੀਦਾ (ਬਠਿੰਡਾ), ਕਰਤਾਰ ਸਿੰਘ ਸਰਾਭਾ ਲਾਇਬਰੇਰੀ ਦੀਵਾਨਾ (ਬਰਨਾਲਾ). ਸ਼ਹੀਦ ਭਗਤ ਸਿੰਘ ਲਾਇਬਰੇਰੀ ਦਬੜੀਖਾਨਾ (ਫਰੀਦਕੋਟ), ਐਡਵਰਡਗੰਜ ਪਬਲਿਕ ਲਾਇਬਰੇਰੀ ਮਲੋਟ, ਸ਼ਹੀਦ ਭਗਤ ਸਿੰਘ ਲਾਇਬਰੇਰੀ ਰੋੜੀ (ਸਿਰਸਾ) ਦੀਆਂ ਪ੍ਰਬੰਧਕ ਕਮੇਟੀਆਂ ਨੂੰ ਸਨਮਾਨਿਆ ਗਿਆ। ਫੈਸਟੀਵਲ ਦੇ ਆਖ਼ਰੀ ਦਿਨ ਦਾ ਸਮੁੱਚਾ ਸੰਚਾਲਨ ਡਾ. ਨੀਤੂ ਆਰੋੜਾ ਨੇ ਕੀਤਾ।
ਅੱਜ ਫੈਸਟੀਵਲ ਵਿੱਚ ਡਾ. ਸੁਰਜੀਤ ਪਟਿਆਲਾ, ਰਾਜਪਾਲ ਸਿੰਘ, ਸਤੀਸ਼ ਗੁਲਾਟੀ, ਗੁਰਪ੍ਰੀਤ ਸਿੱਧੂ, ਡਾ, ਰਵਿੰਦਰ ਸੰਧੂ, ਸੁਰਿੰਦਰਪ੍ਰੀਤ ਘਣੀਆਂ ਅਤੇ ਹੋਰ ਹਾਜ਼ਰ ਸਨ।
ਤਿੰਨ ਲੱਖ ਰੁਪਏ ਤੋਂ ਵੱਧ ਦੀਆਂ ਪੁਸਤਕਾਂ ਵਿਕੀਆਂ
ਇਸ ਦੌਰਾਨ ਪੁਸਤਕ ਪ੍ਰਦਰਸ਼ਨੀਆਂ ਵਿੱਚ ਸਾਹਿਤ ਪ੍ਰੇਮੀਆਂ ਨੇ ਤਿੰਨ ਲੱਖ ਰੁਪਏ ਤੋਂ ਵਧੇਰੇ ਦੀਆਂ ਪੁਸਤਕਾਂ ਖਰੀਦੀਆਂ। ਚਿੱਤਰ ਪ੍ਰਦਰਸ਼ਨੀ ਵਿੱਚ ਗੁਰਪ੍ਰੀਤ ਆਰਟਿਸਟ ਨੇ ਕਿਸਾਨ ਅੰਦੋਲਨ ਨਾਲ ਸਬੰਧਤ ਚਿੱਤਰ ਮੌਕੇ ’ਤੇ ਤਿਆਰ ਕੀਤੇ। ਇਸ ਮੌਕੇ ਨਟਰਾਜ ਰੰਗਮੰਚ ਕੋਟਕਪੂਰਾ ਨੇ ਹਰਜਿੰਦਰ ਦੀ ਨਿਰਦੇਸ਼ਨਾ ਹੇਠ ‘ਬੰਬੀਹਾ ਬੋਲੇ’ ਨੁੱਕੜ ਨਾਟਕ ਖੇਡਿਆ। ਰਵਾਇਤੀ ਅਹਾਰਾਂ ਦੇ ਸਟਾਲਾਂ ਵਿਚ ‘ਬੀ-ਟਰੀਟ’ ਸ਼ਹਿਦ, ਬਰਗਾੜੀ ਗੁੜ੍ਹ, ਅਤੇ ਗਰੀਨ ਐਨਰਜ਼ੀ ਫਾਰਮ ਦੀ ਅਮਰੂਦ ਬਰਫੀ ਦਰਸ਼ਕਾਂ ਦੀ ਪਸੰਦ ਬਣੀ ਰਹੀ।