ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਜਨਵਰੀ
ਸੰਗਰੂਰ ਵਿਧਾਨ ਸਭਾ ਹਲਕੇ ਦੇ ਵੋਟਰਾਂ ਨੇ ਹੁਣ ਤੱਕ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰਾਂ ਦਾ ਲਗਪਗ ਬਰਾਬਰ ਹੀ ਮਾਣ ਰੱਖਿਆ ਹੈ। ਇਸ ਹਲਕੇ ਤੋਂ ਸੱਤ ਵਾਰ ਅਕਾਲੀ ਦਲ ਅਤੇ ਛੇ ਵਾਰ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ। ਇੱਕ-ਇੱਕ ਵਾਰ ਜਨਤਾ ਪਾਰਟੀ ਅਤੇ ਕਮਿਊਨਿਸਟ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਫਤਵਾ ਦਿੱਤਾ ਗਿਆ ਹੈ। ਸੰਗਰੂਰ ਵਿਧਾਨ ਸਭਾ ਹਲਕੇ ਦਾ ਇਤਿਹਾਸ ਦੱਸਦਾ ਹੈ ਕਿ ਇਸ ਹਲਕੇ ਦੀ ਨੁਮਾਇੰਦਗੀ ਦੋਵਾਂ ਪ੍ਰਮੁੱਖ ਸਿਆਸੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਦੇ ਹੱਥ ਲਗਪਗ ਬਰਾਬਰ ਹੀ ਰਹੀ ਹੈ। ਪੰਜਾਬ ਵਿਚ ਪੈਪਸੂ ਵੇਲੇ ਹੋਈ ਵਿਧਾਨ ਸਭਾ ਚੋਣ ਦੌਰਾਨ 1952 ’ਚ ਅਕਾਲੀ ਦਲ ਦੇ ਗੱਜਣ ਸਿੰਘ ਜੇਤੂ ਰਹੇ, ਜਦਕਿ 1957 ਵਿਚ ਪੰਜਾਬ ਵਿਧਾਨ ਸਭਾ ਦੀ ਹੋਈ ਪਹਿਲੀ ਚੋਣ ਵਿਚ ਅਕਾਲੀ ਦਲ ਦੇ ਰਾਜਿੰਦਰ ਸਿੰਘ ਨੇ ਚੋਣ ਜਿੱਤ ਕੇ ਇਸ ਹਲਕੇ ਦੀ ਨੁਮਾਇੰਦਗੀ ਕੀਤੀ ਸੀ। ਉਸ ਸਮੇਂ ਕਾਂਗਰਸ ਅਤੇ ਅਕਾਲੀ ਦਲ ਦਾ ਚੋਣ ਗੱਠਜੋੜ ਹੋਇਆ ਸੀ, ਜਿਸ ਤਹਿਤ ਸੰਗਰੂਰ ਸੀਟ ਅਕਾਲੀ ਦਲ ਦੇ ਹਿੱਸੇ ਆਈ ਸੀ। ਸਾਲ 1962 ਵਿਚ ਹੋਈ ਵਿਧਾਨ ਸਭਾ ਚੋਣ ’ਚ ਕਮਿਊਨਿਸਟ ਪਾਰਟੀ ਦੇ ਹਰਦਿੱਤ ਸਿੰਘ ਭੱਠਲ ਨੇ ਚੋਣ ਜਿੱਤੀ। 1967 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਥੇਦਾਰ ਜੰਗੀਰ ਸਿੰਘ ਫੱਗੂਵਾਲਾ ਚੋਣ ਜਿੱਤ ਕੇ ਵਿਧਾਇਕ ਬਣੇ। 1969 ਅਤੇ 1972 ਵਿਚ ਲਗਾਤਾਰ ਦੋ ਵਾਰ ਹਲਕੇ ਦੇ ਵੋਟਰਾਂ ਨੇ ਕਾਂਗਰਸ ਦੇ ਉਮੀਦਵਾਰ ਗੁਰਬਖਸ਼ ਸਿੰਘ ਸਬਿੀਆ ਦੇ ਹੱਕ ਵਿਚ ਫਤਵਾ ਦਿੱਤਾ। 1977 ਦੀ ਵਿਧਾਨ ਸਭਾ ਚੋਣ ਜਨਤਾ ਪਾਰਟੀ ਦੇ ਉਮੀਦਵਾਰ ਗੁਰਦਿਆਲ ਸਿੰਘ ਨੇ ਜਿੱਤੀ। 1980 ਵਿਚ ਅਕਾਲੀ ਦਲ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੇ ਕਾਂਗਰਸ ਦੇ ਉਮੀਦਵਾਰ ਤੇਗਵੀਰ ਸਿੰਘ ਸਬਿੀਆ ਨੂੰ ਹਰਾਇਆ। 1985 ਵਿਚ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਬਾਲੀਆਂ ਨੇ ਕਾਂਗਰਸ ਦੇ ਭੁਪਿੰਦਰ ਸਿੰਘ ਨੂੰ ਹਰਾ ਕੇ ਪਹਿਲੀ ਵਾਰ ਇਸ ਹਲਕੇ ਦੀ ਨੁਮਾਇੰਦਗੀ ਕੀਤੀ। 1992 ਵਿਚ ਕਾਂਗਰਸ ਦੇ ਜਸਬੀਰ ਸਿੰਘ ਚੋਣ ਜਿੱਤ ਕੇ ਵਿਧਾਇਕ ਬਣੇ। ਇਸੇ ਤਰ੍ਹਾਂ 1997 ਵਿਚ ਅਕਾਲੀ ਦਲ ਦੇ ਰਣਜੀਤ ਸਿੰਘ ਬਾਲੀਆਂ ਨੇ ਦੂਜੀ ਵਾਰ ਚੋਣ ਜਿੱਤੀ, ਜਿਨ੍ਹਾਂ ਕਾਂਗਰਸ ਦੇ ਉਮੀਦਵਾਰ ਸੁਰਿੰਦਰਪਾਲ ਸਿੰਘ ਸਬਿੀਆ ਨੂੰ ਹਰਾਇਆ। 2002 ਦੀਆਂ ਚੋਣਾਂ ’ਚ ਕਾਂਗਰਸ ਦੇ ਅਰਵਿੰਦ ਖੰਨਾ ਜਿੱਤੇ ਸਨ।
2007 ਦੀਆਂ ਚੋਣਾਂ ’ਚ ਕਾਂਗਰਸ ਦੇ ਉਮੀਦਵਾਰ ਸੁਰਿੰਦਰਪਾਲ ਸਿੰਘ ਸਬਿੀਆ ਨੇ ਅਕਾਲੀ-ਭਾਜਪਾ ਉਮੀਦਵਾਰ ਪ੍ਰਕਾਸ਼ ਚੰਦ ਗਰਗ ਨੂੰ ਹਰਾ ਕੇ ਚੋਣ ਜਿੱਤੀ ਸੀ ਜਦਕਿ 2012 ਦੀਆਂ ਚੋਣਾਂ ’ਚ ਪ੍ਰਕਾਸ਼ ਚੰਦ ਗਰਗ ਨੇ ਸੁਰਿੰਦਰਪਾਲ ਸਿੰਘ ਸਬਿੀਆ ਨੂੰ ਹਰਾ ਕੇ ਹਿਸਾਬ ਬਰਾਬਰ ਕਰ ਲਿਆ ਸੀ। 2017 ਦੀ ਚੋਣ ’ਚ ਕਾਂਗਰਸ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਨੇ ‘ਆਪ’ ਉਮੀਦਵਾਰ ਨੂੰ ਹਰਾ ਕੇ ਚੋਣ ਜਿੱਤੀ। ਇਸ ਵਾਰ ਕਾਂਗਰਸ ਵੱਲੋਂ ਵਿਜੈਇੰਦਰ ਸਿੰਗਲਾ, ਅਕਾਲੀ-ਬਸਪਾ ਗੱਠਜੋੜ ਵਲੋਂ ਵਿਨਰਜੀਤ ਸਿੰਘ ਗੋਲਡੀ, ਆਮ ਆਦਮੀ ਪਾਰਟੀ ਵੱਲੋਂ ਨਰਿੰਦਰ ਕੌਰ ਭਰਾਜ, ਭਾਜਪਾ ਵੱਲੋਂ ਅਰਵਿੰਦ ਖੰਨਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਨੈਬ ਸਿੰਘ ਰਾਮਪੁਰਾ ਚੋਣ ਮੈਦਾਨ ’ਚ ਨਿੱਤਰੇ ਹਨ। ਆਉਣ ਵਾਲੇ ਦਿਨਾਂ ’ਚ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਉਮੀਦਵਾਰਾਂ ਬਾਰੇ ਸਥਿਤੀ ਸਪੱਸ਼ਟ ਹੋਵੇਗੀ।