ਖੇਤਰੀ ਪ੍ਰਤੀਨਿਧ
ਬਰਨਾਲਾ, 21 ਜੂਨ
ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਦੇ ਆਖਰੀ ਦਿਨ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਵੱਲੋਂ ਬਰਨਾਲਾ ਸ਼ਹਿਰ ਵਿੱਚ ‘ਅਮਨ ਸ਼ਾਂਤੀ ਯਾਤਰਾ’ ਦੇ ਨਾਂ ਹੇਠ ਰੋਡ ਸ਼ੋਅ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਅੱਜ ਦੇ ਰੋਡ ਸ਼ੋਅ ਨੇ ਵਿਰੋਧੀ ਪਾਰਟੀਆਂ ਨੂੰ ਸਪਸ਼ਟ ਸੰਕੇਤ ਦੇ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਇਹ ਚੋਣ ਵੱਡੀ ਲੀਡ ਨਾਲ ਜਿੱਤ ਰਹੀ ਹੈ। ਲੋਕ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਪਮੁਹਾਰੇ ਸਾਥ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਿ ‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਪਰ ਦੱਬਦਾ ਕਿੱਥੇ ਆ’ ਪਰ ਹੁਣ ਉਸ ਨੂੰ ਸੰਗਰੂਰ ਤੇ ਬਰਨਾਲਾ ਵਾਲਿਆਂ ਨੇ ਇਸ ਚੋਣ ਵਿੱਚ ਦੱਬ ਦਿੱਤਾ ਹੈ। ਜ਼ਿਮਨੀ ਚੋਣ ਵਿੱਚ ‘ਆਪ’ ਦੀ ਹਾਰ ਨੂੰ ਦੇਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ, ਮੁੱਖ ਮੰਤਰੀ ਭਗਵੰਤ ਮਾਨ, ਸਾਰੇ ਮੰਤਰੀਆਂ ਅਤੇ 92 ਵਿਧਾਇਕਾਂ ਨੂੰ ਜ਼ੋਰ ਲਗਾਉਣਾ ਪੈ ਰਿਹਾ ਹੈ। ਇਹ ਉਹੀ ਪਾਰਟੀ ਹੈ ਜਿਹੜੀ ਚੋਣਾਂ ਤੋਂ ਪਹਿਲਾਂ ਕਹਿੰਦੀ ਸੀ ਕਿ ਕੰਮ ਦੇ ਆਧਾਰ ’ਤੇ ਵੋਟਾਂ ਮੰਗਾਂਗੇ ਪਰ ਸਰਕਾਰ ਦੀ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਕਾਰਨ ਲੋਕ ਉਨ੍ਹਾਂ ਤੋਂ ਬੁਰੀ ਤਰ੍ਹਾਂ ਖਫ਼ਾ ਹਨ। ਕੇਵਲ ਢਿੱਲੋਂ ਨੇ ਕਿਹਾ ਕਿ ‘ਆਪ’ ਦਾ ਕਿਲ੍ਹਾ ਸੰਗਰੂਰ ਹਲਕੇ ਦੇ ਲੋਕ 23 ਜੂਨ ਨੂੰ ਢਾਹ ਦੇਣਗੇ। ਇਸ ਰੋਡ ਸ਼ੋਅ ਦੌਰਾਨ ਸ਼ਹੀਦ ਭਗਤ ਸਿੰਘ ਦੇ ਇਨਕਲਾਬ ਦੇ ਨਾਅਰੇ ਲਗਾਉਣ ਵਾਲਿਆਂ ਨੇ ਭਗਤ ਸਿੰਘ ਨੂੰ ਸ਼ਰਧਾਂਜ਼ਲੀ ਦੇਣੀ ਵੀ ਮੁਨਾਸਬਿ ਨਾ ਸਮਝੀ।
ਧੂਰੀ (ਹਰਦੀਪ ਸਿੰਘ ਸੋਢੀ): ਲੋਕ ਸਭਾ ਹਲਕਾ ਸੰਗਰੂਰ ਦੀ 23 ਜੂਨ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ’ਚ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਅੱਜ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਰੋਡ ਸ਼ੋਅ ਕੱਢ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਵੋਟ ਪਾ ਕੇ ਲੋਕ ਸਭਾ ’ਚ ਭੇਜਣ ਤਾਂ ਜੋ ਹਲਕਾ ਸੰਗਰੂਰ ਦਾ ਸਰਬਪੱਖੀ ਵਿਕਾਸ ਹੋ ਸਕੇ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ, ਭਾਜਪਾ ਆਗੂ ਫ਼ਤਿਹਜੰਗ ਸਿੰਘ ਬਾਜਵਾ, ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਜ਼ਿਲ੍ਹਾ ਪ੍ਰਧਾਨ ਰਣਦੀਪ ਦਿਓਲ, ਹੌਬੀ ਧਾਲੀਵਾਲ ਤੇ ਭਗਵਾਨ ਵਾਲਮਕਿ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿਕੀ ਪਰੋਚਾ ਵੀ ਮੌਜੂਦ ਰਹੇ। ਇਸ ਮਗਰੋਂ ਧੂਰੀ ਸਥਿਤ ਚੋਣ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਢਿੱਲੋਂ ਨੇ ਕਿਹਾ ਕਿ ਸੰਗਰੂਰ ਜ਼ਿਮਨੀ ਚੋਣ ਲੋਕਾਂ ਲਈ ਇਕ ਸੁਨਹਿਰੀ ਮੌਕਾ ਹੈ ਤੇ ਉਹ ਲੋਕਾਂ ਨੂੰ ਯਕੀਨ ਦਿਵਾਉਂਦੇ ਹਨ ਕਿ ਜੇਕਰ ਲੋਕ ਉਨ੍ਹਾਂ ਨੂੰ ਲੋਕ ਸਭਾ ’ਚ ਭੇਜਦੇ ਹਨ ਤਾਂ ਸੰਗਰੂਰ ਦਾ ਸਰਬਪੱਖੀ ਵਿਕਾਸ ਕਰਨ ਲਈ ਉਹ ਦਿਨ-ਰਾਤ ਇਕ ਕਰ ਦੇਣਗੇ।