ਲਖਵੀਰ ਸਿੰਘ ਚੀਮਾ
ਟੱਲੇਵਾਲ, 17 ਸਤੰਬਰ
ਬਰਨਾਲਾ-ਮੋਗਾ ਕੌਮੀ ਮਾਰਗ ’ਤੇ ਪਿੰਡ ਚੀਮਾ-ਜੋਧਪੁਰ ਵਿਖੇ ਗੁਦਾਮਾਂ ਤੋਂ ਉਡ ਕੇ ਘਰਾਂ ’ਚ ਜਾ ਰਹੀ ਸੁਸਰੀ ਨੇ ਤਿੰਨ ਪਿੰਡਾਂ ਦੇ ਲੋਕਾਂ ਦੀ ਜਿਉਣਾ ਦੁੱਭਰ ਕਰ ਰੱਖਿਆ ਹੈ। ਪ੍ਰੇਸ਼ਾਨ ਲੋਕਾਂ ਵਲੋਂ ਅੱਜ ਗੁਦਾਮਾਂ ਅੱਗੇ ਪ੍ਰਬੰਧਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰਦਰਸ਼ਨਕਾਰੀ ਬੰਤ ਕੌਰ, ਸਾਬਕਾ ਸਰਪੰਚ ਸਤਨਾਮ ਸਿੰਘ, ਸਰਪੰਚ ਇੰਦਰਜੀਤ ਸਿੰਘ ਜਵੰਧਾ, ਗੁਰਜੰਟ ਸਿੰਘ, ਅਜ਼ਾਦ ਕਲੱਬ ਪ੍ਰਧਾਨ ਜੀਵਨ ਸਿੰਘ ਧਾਲੀਵਾਲ, ਲਖਵਿੰਦਰ ਸਿੰਘ ਸੀਰਾ, ਜੀਤਾ ਸਿੰਘ ਗਾਂਧੀਕਾ, ਗੁਰਮੇਲ ਸਿੰਘ, ਗੁਰਮੀਤ ਸਿੰਘ, ਅਤੇ ਮਲਕੀਤ ਸਿੰਘ ਨੇ ਕਿਹਾ ਕਿ ਕਰੀਬ ਸਾਲ ਪਹਿਲਾਂ ਬਾਲਾਜੀ ਗੁਦਾਮ ਬਣਾਏ ਗਏ। ਜਿਸ ਦੌਰਾਨ ਲੋਕਾਂ ਨੂੰ ਇਸਦੀ ਕੋਈ ਪ੍ਰੇਸ਼ਾਨੀ ਨਾ ਆਉਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਹੁਣ ਹਰ ਸਾਲ ਇਹਨਾਂ ਗੁਦਾਮਾਂ ਤੋਂ ਪੈਦਾ ਹੋ ਰਹੀ ਸੁਸਰੀ ਲੋਕਾਂ ਦੇ ਚੁਲ੍ਹਿਆਂ ਤੱਕ ਪਹੁੰਚ ਗਈ ਹੈ। ਪਿੰਡ ਚੀਮਾ, ਜੋਧਪੁਰ ਅਤੇ ਜਵੰਧਾ ਪਿੰਡੀ ਦੇ ਸੈਂਕੜੇ ਘਰਾਂ ਨੂੰ ਇਸਦਾ ਦੁੱਖ ਭੋਗਣਾ ਪੈ ਰਿਹਾ ਹੈ। ਇਹ ਸੁਸਰੀ ਰੋਟੀ ਬਣਾਉਣ ਤੇ ਖਾਣ ਸਮੇਤ ਸੌਣ ਸਮੇਂ ਤੰਗ ਕਰ ਰਹੀ ਹੈ। ਇਸ ਤੋਂ ਇਲਾਵਾ ਇਸ ਸੁਸਰੀ ਨਾਲ ਲੋਕਾਂ ਦੇ ਘਰਾਂ ’ਚ ਢੋਲਾਂ ’ਚ ਪਈ ਕਣਕ ਖ਼ਰਾਬ ਹੋਣ ਲੱਗ ਗਈ ਹੈ। ਇਸ ਸੁਸਰੀ ਨਾਲ ਲੋਕਾਂ ਨੂੰ ਐਲਜ਼ਰੀ ਅਤੇ ਚਮੜੀ ਦੇ ਰੋਗਾਂ ਦੀ ਸਮੱਸਿਆ ਹੋ ਰਹੀ ਹੈ। ਜੇ ਸੁਸਰੀ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਸੋਮਵਾਰ ਨੂੰ ਗੁਦਾਮਾਂ ਅੱਗੇ ਕੌਮੀ ਮਾਰਗ ਜਾਮ ਕਰਕੇ ਪੱਕਾ ਧਰਨਾ ਲਗਾਇਆ ਜਾਵੇਗਾ।