ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਜਨਵਰੀ
ਸਿੰਘੂ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਲੋਕ ਕਲਾ ਮੰਚ ਮੰਡੀ ਮੁਲਾਂਪੁਰ ਵੱਲੋਂ ਕਿਸਾਨਾਂ ਦੇ ਸੰਘਰਸ਼ਾਂ ਵਿੱਚ ਕਲਾ ਰਾਹੀਂ ਯੋਗਦਾਨ ਪਾਉਂਦਿਆਂ ਨਾਟਕ ‘ਉੱਠਣ ਦਾ ਵੇਲਾ’ ਪੇਸ਼ ਕੀਤਾ ਗਿਆ। ਨਾਟਕ ਨੂੰ ਹਰਕੇਸ਼ ਚੌਧਰੀ ਨੇ ਲਿਖਿਆ ਤੇ ਨਿਰਦੇਸ਼ਿਤ ਕੀਤਾ ਹੈ। ਨਾਟਕ ਨੂੰ ਦਰਸ਼ਕਾਂ ਨੇ ਭਰਪੂਰ ਹੁੰਗਾਰਾ ਦਿੱਤਾ। ਨਾਟਕ ਜਿੱਥੇ ਕਿਸਾਨਾਂ ਨੂੰ ਪਰਿਵਾਰਾਂ ਸਮੇਤ ਸੰਘਰਸ਼ ਵਿੱਚ ਹਿੱਸਾ ਪਾਉਣ ਦਾ ਸੱਦਾ ਦਿੰਦਾ ਹੈ, ਉਥੇ ਕਿਸਾਨਾਂ ਨੂੰ ਖੁਦਕੁਸ਼ੀ ਦਾ ਰਾਹ ਛੱਡ ਕੇ ਸੰਘਰਸ਼ਾਂ ਵਿੱਚ ਹਿੱਸਾ ਪਾਉਣ ਦਾ ਸੁਨੇਹਾ ਵੀ ਦਿੰਦਾ ਹੈ। ਨਾਟਕ ਮਜ਼ਦੂਰਾਂ ਤੇ ਕਿਸਾਨਾਂ ਦੀ ਸਾਂਝ ਨੂੰ ਬੜੇ ਗੂੜ੍ਹੇ ਢੰਗ ਨਾਲ ਉਭਾਰਦਾ ਹੈ, ਜਦੋਂ ਨਾਟਕ ਦਾ ਮਜ਼ਦੂਰ ਪਾਤਰ ਸੋਮਾ ਸਿੰਘ ਕਹਿੰਦਾ ਹੈ ‘ਬਾਈ ਸਾਡੇ ਕੋਲ ਜ਼ਮੀਨ ਜਮੂਨ ਤਾਂ ਹੈ ਨਹੀਂ, ਪਰ ਜ਼ਮੀਰ ਜ਼ਰੂਰ ਹੈ। ਇਸ ਲਈ ਅਸੀਂ ਤਾਂ ਸੰਘਰਸ਼ ਵਿੱਚ ਹਿੱਸਾ ਜ਼ਰੂਰ ਪਾਵਾਂਗੇ।’ ਨਾਟਕ ਦੀ ਪਾਤਰ ਨਵਦੀਪ ਕੌਰ ਆਪਣੇ ਭਰਾ ਨੂੰ ਨਿਹੋਰਾ ਮਾਰਦੀ ਹੋਈ ਕਹਿੰਦੀ ਹੈ, ‘‘ਵੀਰੇ ਜੇ ਤੁਸੀਂ ਨਹੀਂ ਲੜੋਗੇ ਤਾਂ ਅਸੀਂ ਲੜਾਂਗੇ। ਮਾਈ ਭਾਗੋ ਵਾਂਗ ਲੜਾਂਗੇ ਵੀਰੇ…। ਨਾਟਕ ਦੇ ਅੰਤ ਵਿੱਚ ਨਾਟਕ ਦਾ ਨਾਇਕ ਜਗਤ ਸਿੰਘ ਕਹਿੰਦਾ ਕਿ ‘ਅਸੀਂ ਲੜਾਂਗੇ ਤੇ ਜਿੱਤਾਂਗੇ।’