ਪੱਤਰ ਪ੍ਰੇਰਕ
ਬਠਿੰਡਾ, 27 ਅਪਰੈਲ
ਬਠਿੰਡਾ ਦੇ ਬਾਹਰਵਾਰ ਜੱਸੀ ਚੌਕ ਕੋਲ ਫੂਸ ਮੰਡੀ ਨੇੜੇ ਅੱਜ ਪਨਗ੍ਰੇਨ ਦੇ ਓਪਨ ਗੁਦਾਮ ਵਿੱਚ ਪਲਿੰਥਾਂ ਨੂੰ ਅੱਗ ਲੱਗ ਗਈ, ਜਿਸ ਕਾਰਨ ਕਣਕ ਦੀਆਂ ਭਰੀਆਂ ਹਜ਼ਾਰਾਂ ਬੋਰੀਆਂ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਫਾਇਰ ਬ੍ਰਿਗੇਡ ਬਠਿੰਡਾ ਦੀਆਂ ਤਿੰਨ ਗੱਡੀਆਂ ਨੇ ਮੌਕੇ ’ਤੇ ਪਹੁੰਚੇ ਕੇ ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਫਾਇਰਮੈਨ ਜਸਕਰਨ ਸਿੰਘ, ਲਖਵੀਰ ਸਿੰਘ ਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਅੱਗ ਕਾਫੀ ਭਿਆਨਕ ਸੀ, ਪਰ ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪਨਗ੍ਰੇਨ ਦੇ ਇੰਸਪੈਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਛੇ ਸਟੈਕਾਂ ’ਤੇ ਅਠਾਰਾਂ ਹਜ਼ਾਰ ਬੋਰੀ ਰੱਖੀ ਹੋਈ ਸੀ ਤੇ ਬੋਰੀਆਂ ਦੀ ਬਾਹਰਲੀ ਪਰਤ ਪ੍ਰਭਾਵਿਤ ਹੋਈ ਹੈ, ਪਰ ਪੂਰੇ ਨੁਕਸਾਨ ਦਾ ਅੰਦਾਜ਼ਾ ਲਾਇਆ ਜਾਣਾ ਅਜੇ ਬਾਕੀ ਹੈ।