ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਅਗਸਤ
ਸਨਅਤੀ ਸ਼ਹਿਰ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਬੁੱਢੇ ਨਾਲੇ ਵਿਚ ਚਾਰ ਥਾਵਾਂ ਤੋਂ ਸੈਂਪਲ ਲਏ ਹਨ। ਇਨ੍ਹਾਂ ਸੈਂਪਲਾਂ ਨੂੰ ਜਾਂਚ ਲਈ ਲੈਬਾਰਟਰੀ ਵਿੱਚ ਭੇਜ ਦਿੱਤਾ ਗਿਆ ਹੈ। ਇਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪੀਪੀਸੀਬੀ ਅੱਗੇ ਕਾਰਵਾਈ ਕਰੇਗਾ। ਜ਼ਿਕਰਯੋਗ ਹੈ ਕਿ ਬੁੱਢੇ ਨਾਲੇ ਵਿੱਚ ਫੈਲੇ ਪ੍ਰਦੂਸ਼ਣ ਨੂੰ ਲੈ ਕੇ ਹਮੇਸ਼ਾ ਨਿਗਮ ਤੇ ਪੀਪੀਸੀਬੀ ਅਧਿਕਾਰੀ ਇੱਕ ਦੂਜੇ ਨੂੰ ਦੋਸ਼ੀ ਠਹਿਰਾਉਂਦੇ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੁੰਦਾ ਹੈ ਕਿ ਸਨਅਤ ਕਾਰਨ ਇਸ ਵਿੱਚ ਪ੍ਰਦੂਸ਼ਣ ਫੈਲਿਆ ਹੈ, ਜਦੋਂਕਿ ਪੀਪੀਸੀਬੀ ਅਧਿਕਾਰੀ ਸੀਵਰੇਜ ਟਰੀਟਮੈਂਟ ਪਲਾਂਟ ’ਚੋਂ ਗੰਦਾ ਪਾਣੀ ਬਾਈਪਾਸ ਕਰਕੇ ਬੁੱਢੇ ਨਾਲੇ ’ਚ ਸੁੱਟਣ ਦੇ ਦੋਸ਼ ਤਹਿਤ ਨਿਗਮ ਨੂੰ ਘੇਰਦੇ ਰਹਿੰਦੇ ਹਨ। ਆਜ਼ਾਦੀ ਦਿਵਸ ਮੌਕੇ ਪੀਪੀਸੀਬੀ ਅਧਿਕਾਰੀਆਂ ਨੇ ਚਾਰ ਸੈਂਪਲ ਨਾਲੇ ਵਿੱਚੋਂ ਲਏ ਹਨ। ਸੈਂਪਲ ਲੈਣ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਦਿਨ ਡਾਇੰਗ ਇੰਡਸਟਰੀ ਬੰਦ ਹੁੰਦੀ ਹੈ।