ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਅਕਤੂਬਰ
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਦੇ ਅਨਿੰਨ ਭਗਤ ਤੇ ਉਸ ਵੇਲੇ ਦੇ ਮੁਸਲਿਮ ਜ਼ਿਮੀਂਦਾਰ ਰਾਏ ਬੁਲਾਰ ਭੱਟੀ ਦੀ ਤਸਵੀਰ ਸ਼੍ਰੋਮਣੀ ਕਮੇਟੀ ਵੱਲੋਂ ਇਥੇ ਸ੍ਰੀ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ 15 ਅਕਤੂਬਰ ਨੂੰ ਸਥਾਪਤ ਕੀਤੀ ਜਾਵੇਗੀ। ਇਹ ਤਸਵੀਰ ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਮੌਕੇ ਸਥਾਪਤ ਕਰਨ ਦੀ ਯੋਜਨਾ ਸੀ, ਪਰ ਸ੍ਰੀ ਰਾਏ ਬੁਲਾਰ ਭੱਟੀ ਦੇ ਵੰਸ਼ ਵਿੱਚੋਂ ਮੌਜੂਦਾ ਪਰਿਵਾਰਕ ਮੈਂਬਰਾਂ ਨੂੰ ਇੱਥੇ ਆਉਣ ਲਈ ਵੀਜ਼ਾ ਨਾ ਮਿਲ ਸਕਣ ਕਾਰਨ ਇਹ ਪ੍ਰੋਗਰਾਮ ਮੁਲਤਵੀ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਨੂੰ ਭੱਟੀ ਪਰਿਵਾਰ ਨੂੰ ਭਾਰਤ ਆਉਣ ਦੇਣ ਲਈ ਪ੍ਰਵਾਨਗੀ ਦੇਣ ਦੀ ਸਿਫਾਰਸ਼ ਵੀ ਭੇਜੀ ਗਈ ਸੀ, ਪਰ ਇਹ ਪਰਵਾਨ ਨਹੀਂ ਹੋਈ ਹੈ।