ਜਗਮੋਹਨ ਸਿੰਘ
ਘਨੌਲੀ, 17 ਜੁਲਾਈ
ਅੱਜ ਇੱਥੇ ਅੱਜ ਪਿੰਡ ਅਹਿਮਦਪੁਰ ਦੇ ਫਲਾਈਓਵਰ ਨੇੜੇ ਅਚਾਨਕ ਭਾਖੜਾ ਨਹਿਰ ਵਿੱਚ ਡਿੱਗੇ ਇੱਕ ਨੌਜਵਾਨ ਨੂੰ ਚੌਕੀ ਇੰਚਾਰਜ ਸਰਬਜੀਤ ਸਿੰਘ ਤੇ ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ ਨੇ ਆਪਣੀ ਪੱਗ ਸੁੱਟ ਕੇ ਸੁਰੱਖਿਅਤ ਬਾਹਰ ਕੱਢ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਚੌਕੀ ਇੰਚਾਰਜ ਸਬ ਇੰਸਪੈਕਟਰ ਸਰਬਜੀਤ ਸਿੰਘ ਕੁਲਗਰਾਂ ਆਪਣੇ ਸਾਥੀ ਪੁਲੀਸ ਮੁਲਾਜ਼ਮ ਹੈਂਡ ਕਾਂਸਟੇਬਲ ਸੁਖਵਿੰਦਰ ਸਿੰਘ ਨਾਲ ਕਿਸੇ ਜ਼ਰੂਰੀ ਕੰਮ ਲਈ ਘਨੌਲੀ ਤੋਂ ਰੂਪਨਗਰ ਵੱਲ ਜਾ ਰਹੇ ਸਨ। ਉਹ ਪਿੰਡ ਅਹਿਮਦਪੁਰ ਫਲਾਈਓਵਰ ਨੇੜੇ ਭਾਖੜਾ ਨਹਿਰ ਦੇ ਪੁਲ ’ਤੇ ਪੁੱਜੇ ਤਾਂ ਉਨ੍ਹਾਂ ਇੱਕ ਨੌਜਵਾਨ ਨੂੰ ਨਹਿਰ ਵਿੱਚ ਰੁੜ੍ਹਦੇ ਵੇਖਿਆ। ਉਨ੍ਹਾਂ ਤੁਰੰਤ ਆਪਣੀ ਗੱਡੀ ਭਾਖੜਾ ਨਹਿਰ ਦੀ ਪਟੜੀ ’ਤੇ ਖੜ੍ਹੀ ਕਰਕੇ ਆਪਣੀ ਪੱਗ ਖੋਲ੍ਹ ਕੇ ਨੌਜਵਾਨ ਵੱਲ ਸੁੱਟੀ ਅਤੇ ਨੌਜਵਾਨ ਵੱਲੋਂ ਪੱਗ ਫੜਨ ਮਗਰੋਂ ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ। ਨੌਜਵਾਨ ਦੀ ਪਛਾਣ ਰਵੀ ਪੁੱਤਰ ਰੂਪਾ ਵਾਸੀ ਬੀੜ ਪਲਾਸੀ ਹਿਮਾਚਲ ਪ੍ਰਦੇਸ਼ ਵਜੋਂ ਹੋਈ, ਜੋ ਭਾਖੜਾ ਨਹਿਰ ’ਚ ਪਾਣੀ ਪੀਣ ਲਈ ਉਤਰਿਆ ਸੀ ਤੇ ਉਸ ਦਾ ਪੈਰ ਤਿਲਕ ਗਿਆ। ਚੌਕੀ ਇੰਚਾਰਜ ਦੀ ਦਲੇਰੀ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ।