ਪੱਤਰ ਪ੍ਰੇਰਕ
ਪਟਿਆਲਾ, 30 ਅਕਤੂਬਰ
ਭਾਸ਼ਾ ਵਿਭਾਗ ਪੰਜਾਬ ਦੇ ਦਫ਼ਤਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਕਈ ਅਹਿਮ ਅਹੁਦੇ ਖਾਲੀ ਹਨ। ਨਵੰਬਰ 2015 ਵਿੱਚ ਵਿਭਾਗ ਦੇ ਡਾਇਰੈਕਟਰ ਦੀ ਸੇਵਾਮੁਕਤੀ ਮਗਰੋਂ ਇਹ ਅਹੁਦਾ ਹੁਣ ਤੱਕ ਨਹੀਂ ਭਰਿਆ ਗਿਆ। ਇੱਥੇ ਹੀ ਬੱਸ ਨਹੀਂ ਵਿਭਾਗ ਦੀ ਰੀੜ੍ਹ ਦੀ ਹੱਡੀ ਸਮਝੇ ਜਾਂਦੇ ਖੋਜ ਸਹਾਇਕਾਂ ਦੀਆਂ ਵੀ 50 ਵਿੱਚੋਂ 48 ਅਸਾਮੀਆਂ ਖਾਲੀ ਪਈਆਂ ਹਨ।
ਜਾਣਕਾਰੀ ਅਨੁਸਾਰ ਭਾਸ਼ਾ ਵਿਭਾਗ ਪੰਜਾਬ ਦੇ ਦਫ਼ਤਰ ਵਿੱਚ ਡਾਇਰੈਕਟਰ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਆਖ਼ਰੀ ਅਧਿਕਾਰੀ ਚੇਤਨ ਸਿੰਘ ਨਵੰਬਰ 2015 ਵਿੱਚ ਸੇਵਾਮੁਕਤ ਹੋਏ ਸਨ, ਜਿਸ ਮਗਰੋਂ ਡਾਇਰੈਕਟਰ ਦਾ ਚਾਰਜ ਐਡੀਸ਼ਨਲ ਡਾਇਰੈਕਟਰ ਗੁਰਸ਼ਰਨ ਕੌਰ ਵਾਲੀਆ ਨੂੰ ਦੇ ਦਿੱਤਾ ਗਿਆ। ਉਨ੍ਹਾਂ ਦੀ ਸੇਵਾਮੁਕਤੀ ਮਗਰੋਂ ਡਿਪਟੀ ਡਾਇਰੈਕਟਰ ਗੁਰਸ਼ਰਨ ਕੌਰ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਗਈ। ਉਸ ਤੋਂ ਬਾਅਦ ਵੀ ਡਿਪਟੀ ਡਾਇਰੈਕਟਰ ਕਰਮਜੀਤ ਕੌਰ ਨੂੰ ਡਾਇਰੈਕਟਰ ਦਾ ਚਾਰਜ ਦਿੱਤਾ ਗਿਆ, ਜਿਨ੍ਹਾਂ ਦੀ ਸੇਵਾਮੁਕਤੀ ਮਗਰੋਂ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਡਾਇਰੈਕਟਰ ਦਾ ਚਾਰਜ ਕਿਸੇ ਹੋਰ ਨੂੰ ਦੇਣ ਦੀ ਥਾਂ ਆਪਣੇ ਕੋਲ ਰੱਖ ਲਿਆ। ਮੌਜੂਦਾ ਸਮੇਂ ਵਿੱਚ ਇਹ ਚਾਰਜ ਸਕੱਤਰ ਜਸਪ੍ਰੀਤ ਤਲਵਾਰ ਕੋਲ ਹੈ, ਹਾਲਾਂਕਿ ਵਿਭਾਗ ਦਾ ਸਾਰਾ ਕੰਮ ਹੁਣ ਜੁਆਇੰਟ ਡਾਇਰੈਕਟਰ ਵੀਰਪਾਲ ਕੌਰ ਹੀ ਦੇਖ ਰਹੀ ਹੈ। ਇਸੇ ਤਰ੍ਹਾਂ ਅਪਰੈਲ 2016 ਤੋਂ ਐਡੀਸ਼ਨਲ ਡਾਇਰੈਕਟਰ ਦੀ ਅਸਾਮੀ ਵੀ ਖਾਲੀ ਪਈ ਹੈ ਤੇ ਇਹ ਚਾਰਜ ਵੀ ਕਿਸੇ ਨੂੰ ਨਹੀਂ ਦਿੱਤਾ ਗਿਆ। ਡਿਪਟੀ ਡਾਇਰੈਕਟਰ ਦੀਆਂ ਛੇ ਅਸਾਮੀਆਂ ਰੀਸਟਰੱਕਚਿੰਗ ਦੌਰਾਨ ਘਟਾ ਕੇ 4 ਕਰ ਦਿੱਤੀਆਂ ਗਈਆਂ, ਪਰ ਇਨ੍ਹਾਂ ਵਿੱਚੋਂ ਵੀ ਤਿੰਨ ਅਸਾਮੀਆਂ ਖਾਲੀ ਪਈਆਂ ਹਨ। ਇਸ ਵੇਲੇ ਭਾਸ਼ਾ ਵਿਭਾਗ ਦਾ ਇਹ ਹਾਲ ਹੈ ਕਿ ਕ੍ਰਿਸ਼ਨ ਕੁਮਾਰ ਵੱਲੋਂ ਜੇਕਰ ਡੈਪੂਟੇਸ਼ਨ ’ਤੇ ਅਧਿਆਪਕ ਨਾ ਬੁਲਾਏ ਗਏ ਹੁੰਦੇ ਤਾਂ ਵਿਭਾਗ ਪੂਰਾ ਖਾਲੀ ਹੋ ਜਾਣਾ ਸੀ।
ਡਾਇਰੈਕਟਰ ਦੀ ਅਸਾਮੀ ਬਾਹਰੋਂ ਨਹੀਂ ਭਰੀ ਜਾ ਸਕਦੀ: ਸਕੱਤਰ ਉਚੇਰੀ ਸਿੱਖਿਆ
ਇਸ ਬਾਰੇ ਜਦੋਂ ਸਕੱਤਰ ਉਚੇਰੀ ਸਿੱਖਿਆ ਜਸਪ੍ਰੀਤ ਤਲਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਡਾਇਰੈਕਟਰ ਦੀ ਅਸਾਮੀ ਬਾਹਰੋਂ ਨਹੀਂ ਭਰੀ ਜਾ ਸਕਦੀ ਤੇ ਵਿਭਾਗ ਵਿੱਚ ਕੋਈ ਟਰਮਾਂ ਪੂਰੀਆਂ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੋ ਵੀ ਅਸਾਮੀਆਂ ਖ਼ਾਲੀ ਪਈਆਂ ਹਨ, ਉਹ ਛੇਤੀ ਹੀ ਭਰ ਦਿੱਤੀਆਂ ਜਾਣਗੀਆਂ।