ਰਵੇਲ ਸਿੰਘ ਭਿੰਡਰ
ਪਟਿਆਲਾ, 3 ਨਵੰਬਰ
ਪੰਜਾਬ ਅੰਦਰ ਅਗਲੇ ਦਿਨਾਂ ਦੌਰਾਨ ਬਿਜਲੀ ਸੰਕਟ ਪੈਦਾ ਹੋਣ ਦੀ ਸੰਭਾਵਨਾ ਹੈ। ਕਈ ਹਫ਼ਤਿਆਂ ਤੋਂ ਰੇਲ ਸੇਵਾਵਾਂ ਬੰਦ ਰਹਿਣ ਦੇ ਮੱਦੇਨਜ਼ਰ ਕੋਲੇ ਦੀ ਤੋਟ ਕਾਰਨ ਅੱਜ ਗੋਇੰਦਵਾਲ ਸਾਹਿਬ ਥਰਮਲ ਨੂੰ ਵੀ ਬੰਦ ਕਰਨਾ ਪੈ ਗਿਆ ਹੈ। ਇਸ ਤੋਂ ਪਹਿਲਾਂ ਪ੍ਰਾਈਵੇਟ ਖੇਤਰ ਦੇ ਤਲਵੰਡੀ ਸਾਬੋ ਤੇ ਰਾਜਪੁਰਾ ਥਰਮਲਾਂ ਨੂੰ ਵੀ ਕੋਲੇ ਦੇ ਸੰਕਟ ਕਾਰਨ ਬੰਦ ਕਰ ਦਿੱਤਾ ਗਿਆ ਸੀ। ਉਂਜ ਪਾਵਰਕੌਮ ਨੇ ਫਿਲਹਾਲ ਬਿਜਲੀ ਦੀ ਭਰਪਾਈ ਲਈ ਸਰਕਾਰੀ ਪੱਧਰ ਦੇ ਦੋਵੇਂ ਰੋਪੜ ਤੇ ਲਹਿਰਾ ਮੁਹੱਬਤ ਥਰਮਲ ਪਲਾਂਟਾਂ ਨੂੰ ਭਖ਼ਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ, ਪਰ ਸਰਕਾਰੀ ਥਰਮਲਾਂ ਕੋਲ ਵੀ ਵੱਧ ਤੋਂ ਵੱਧ ਚਾਰ-ਪੰਜ ਦਿਨ ਦਾ ਹੀ ਕੋਲੇ ਦਾ ਭੰਡਾਰ ਬਚਿਆ ਹੈ, ਜਿਸ ਕਾਰਨ ਸਥਿਤੀ ਨਾਜ਼ੁਕ ਬਣੀ ਹੋਈ ਹੈ।
ਕੋਲੇ ਦੇ ਸੰਕਟ ਕਾਰਨ ਪੰਜਾਬ ਅੰਦਰ ਪੈਦਾ ਹੋਈ ਸਥਿਤੀ ਤੋਂ ਸੂਬਾ ਸਰਕਾਰ ਫ਼ਿਕਰਮੰਦ ਦੱਸੀ ਜਾ ਰਹੀ ਹੈ। ਅਗਲੇ ਦਿਨਾਂ ਅੰਦਰ ਬਿਜਲੀ ਸੰਕਟ ਦੀ ਸੰਭਾਵਨਾ ਦੇ ਮੱਦੇਨਜ਼ਰ ਸੂਬਾ ਸਰਕਾਰ ਦੀ ਕੇਂਦਰ ’ਤੇ ਟੇਕ ਹੈ, ਪਰ ਕੇਂਦਰ ਸਰਕਾਰ ਵੱਲੋਂ ਹਾਂ ਪੱਖੀ ਹੁੰਗਾਰਾ ਨਾ ਭਰੇ ਜਾਣ ਕਾਰਨ ਇਹ ਮਾਮਲਾ ਹੋਰ ਪੇਚੀਦਾ ਬਣ ਗਿਆ ਹੈ। ਪਾਵਰਕੌਮ ਦੇ ਮੁੱਖ ਦਫ਼ਤਰ ਪਟਿਆਲਾ ਤੋਂ ਇੱਕ ਉੱਚ ਅਧਿਕਾਰੀ ਮੁਤਾਬਕ ਗੋਇੰਦਵਾਲ ਸਾਹਿਬ ਥਰਮਲ ਦੇ ਬੰਦ ਹੋਣ ਮਗਰੋਂ ਸੂਬੇ ਅੰਦਰ ਬਿਜਲੀ ਦਾ ਸੰਤੁਲਨ ਬਣਾਈ ਰੱਖਣ ਲਈ ਰੋਪੜ ਤੇ ਲਹਿਰਾ ਮੁਹੱਬਤ ਥਰਮਲ ਭਖ਼ਾਉਣ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਲਿਹਾਜ਼ਾ ਦੋਵੇਂ ਥਰਮਲ ਅਗਲੇ ਕੁਝ ਘੰਟਿਆਂ ਤੱਕ ਬਿਜਲੀ ਪੈਦਾਵਾਰ ’ਚ ਜੁੱਟ ਜਾਣਗੇ।
ਉਧਰ ਮਾਹਿਰ ਦਾ ਕਹਿਣਾ ਹੈ ਕਿ ਆਖ਼ਿਰ ਕੋਲੇ ਤੋਂ ਬਗੈਰ ਇਹ ਥਰਮਲ ਵੀ ਕਦੋਂ ਤੱਕ ਕਾਰਜਸ਼ੀਲ ਰਹਿ ਸਕਣਗੇ, ਜਦੋਂਕਿ ਇਹ ਕਹਿ ਕਿਹਾ ਜਾ ਰਿਹਾ ਹੈ ਕਿ ਨੈਸ਼ਨਲ ਗਰਿੱਡਾਂ ਪਾਸੋਂ ਬਿਜਲੀ ਖ਼ਰੀਦਣ ਲਈ ਸੂਬੇ ਕੋਲ ਪੈਸਾ ਨਹੀ ਹੈ। ਅਜਿਹੇ ਹਾਲਾਤ ’ਚ ਜੇਕਰ ਅਗਲੇ ਚਾਰ-ਪੰਜ ਦਿਨਾਂ ਤੱਕ ਰੇਲਾਂ ਦੀ ਆਵਾਜਾਈ ਬਹਾਲ ਨਾ ਹੋਈ ਤਾਂ ਕੋਲਾ ਸੰਕਟ ਕਾਰਨ ਸਰਕਾਰੀ ਪੱਧਰ ਦੇ ਦੋਵੇਂ ਥਰਮਲਾਂ ਨੂੰ ਵੀ ਬੰਦ ਕਰਨਾ ਪੈ ਸਕਦਾ ਹੈ। ਅਜਿਹੇ ਉਪਜ ਰਹੇ ਸੰਭਾਵੀ ਹਾਲਾਤ ’ਚ ਸੂਬੇ ਨੂੰ ਅਗਲੇ ਦਿਨਾਂ ਤੱਕ ਬਿਜਲੀ ਸੰਕਟ ਨਾਲ ਵੀ ਦੋ-ਚਾਰ ਹੋਣਾ ਪੈ ਸਕਦਾ ਹੈ। ਉਂਜ ਇਕੱਤਰ ਵੇਰਵਿਆਂ ਮੁਤਾਬਕ ਪਾਵਰਕੌਮ ਮੈਨੇਜਮੈਂਟ ਨੂੰ ਬੀਤੇ ਦੋ ਦਿਨਾਂ ਦੌਰਾਨ ਬਿਜਲੀ ਦਾ ਡੰਗ ਟਪਾਉਣ ਲਈ 400-400 ਲੱਖ ਯੂਨਿਟ ਦੇ ਲਗਪਗ ਬਿਜਲੀ ਸ਼ਾਰਟ ਟਰਮ ਮੱਦ ਹੇਠ ਐਕਸਚੇਂਜ ਪਰਚੇਜ਼ ਮੁੰਬਈ ਤੋਂ ਖ਼ਰੀਦਣ ਲਈ ਮਜਬੂਰ ਹੋਣਾ ਪਿਆ ਹੈ। ਸੂਤਰਾਂ ਦਾ ਮੰਨਣਾ ਹੈ ਕਿ ਜੇਕਰ ਹਾਲਾਤ ਸਾਜ਼ਗਾਰ ਨਾ ਹੋਏ ਤਾਂ ਪਹਿਲਾਂ ਹੀ ਵੱਡੀ ਘਾਟੇ ਅਤੇ ਕਰਜ਼ੇ ਦੀ ਮਾਰ ਝੱਲ ਰਹੇ ਪਾਵਰਕੌਮ ਕੋਲ ਬਿਜਲੀ ਖ਼ਰੀਦਣ ਦੀ ਗੁੰਜਾਇਸ਼ ਨਹੀ ਬਚੇਗੀ, ਜਿਸ ਤੋਂ ਸਹਿਜੇ ਸੰਕੇਤ ਹੈ ਕਿ ਪੰਜਾਬ ਸਰਕਾਰ ਕਸੂਤੀ ਸਥਿਤੀ ਵਿੱਚ ਘਿਰ ਗਈ ਹੈ।
ਡਾਇਰੈਕਟਰ ਜਨਰੇਸ਼ਨ ਨੇ ਕੋਲੋ ਦੇ ਸੰਕਟ ਦੀ ਗੱਲ ਕਬੂਲੀ
ਪਟਿਆਲਾ: ਪਾਵਰਕੌਮ ਦੇ ਡਾਇਰੈਕਟਰ ‘ਜਨਰੇਸ਼ਨ‘ ਇੰਜੀ.ਪਰਮਜੀਤ ਸਿੰਘ ਨੇ ਫੋਨ ’ਤੇ ਗੱਲਬਾਤ ਦੌਰਾਨ ਮੰਨਿਆ ਕਿ ਜੇ ਪੰਜਾਬ ਨੂੰ ਕੋਲੇ ਦੀ ਸਪਲਾਈ ਬੰਦ ਰਹਿੰਦੀ ਹੈ ਤਾਂ ਅਗਲੇ ਦਿਨਾਂ ਅੰਦਰ ਸੂਬੇ ਨੂੰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਂਜ ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਰੇਲ ਸੇਵਾਵਾਂ ਬਹਾਲ ਹੋਣ ਦੀ ਸੰਭਾਵਨਾ ਹੈ। ਉਨਾਂ ਦੱਸਿਆ ਕਿ ਕੋਲਾ ਮੁੱਕਣ ਮਗਰੋਂ ਗੋਇੰਦਵਾਲ ਸਾਹਿਬ ਦੇ ਬੰਦ ਹੋਣ ਮਗਰੋਂ ਬਿਜਲੀ ਸਪਲਾਈ ਤਵਾਜ਼ਨ ਕਾਇਮ ਰੱਖਣ ਲਈ ਇਹਤਿਆਤ ਵਜੋਂ ਰੋਪੜ ਤੇ ਲਹਿਰਾ ਮੁਹੱਬਤ ਦੀ ਇੱਕ ਇੱਕ ਉਤਪਾਦ ਯੂਨਿਟ ਚਲਾਉਣੀ ਪਈ ਹੈ, ਤੇ ਦੋਵੇਂ ਯੂਨਿਟਾਂ ਨੇ ਬਿਜਲੀ ਦੀ ਪੈਦਾਵਾਰ ਵੀ ਕਰਨੀ ਆਰੰਭ ਦਿੱਤੀ ਹੈ।