ਪਾਲ ਸਿੰਘ ਨੌਲੀ
ਜਲੰਧਰ, 8 ਅਗਸਤ
ਸੀ.ਟੀ ਪਬਲਿਕ ਸਕੂਲ ਵਿੱਚ ਬੱਚਿਆਂ ਦੇ ਕੜੇ ਉਤਰਵਾਉਣ ਦੇ ਦੋਸ਼ ਹੇਠ ਪ੍ਰਬੰਧਕਾਂ ਨੇ ਪ੍ਰਿੰਸੀਪਲ ਅਤੇ ਦੋ ਅਧਿਆਪਕਾਂ ਨੂੰ ਸਕੂਲ ’ਚੋਂ ਬਰਖ਼ਾਸਤ ਕਰ ਦਿੱਤਾ ਹੈ। ਸਿੱਖ ਤਾਲਮੇਲ ਕਮੇਟੀ ਵੱਲੋਂ ਰੋਸ ਪ੍ਰਗਟਾਏ ਜਾਣ ਮਗਰੋਂ ਪ੍ਰਿੰਸੀਪਲ ਤੇ ਅਧਿਆਪਕਾਂ ਨੇ ਸਿੱਖ ਭਾਈਚਾਰੇ ਕੋਲੋਂ ਮੁਆਫ਼ੀ ਵੀ ਮੰਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖ ਤਾਲਮੇਲ ਕਮੇਟੀ ਦੇ ਸੀਨੀਅਰ ਮੈਂਬਰ ਗੁੁਰਜੀਤ ਸਿੰਘ ਸਤਨਾਮੀਆ ਦੀ ਪੋਤਰੀ ਸੀਟੀ ਪਬਲਿਕ ਸਕੂਲ ਮਕਸੂਦਾਂ ’ਚ ਪੜ੍ਹਦੀ ਹੈ। ਅੱਜ ਸਵੇਰੇ ਜਦੋਂ ਉਹ ਸਕੂਲ ’ਚ ਦਾਖ਼ਲ ਹੋਈ ਤਾਂ ਉੱਥੇ ਖੜ੍ਹੀ ਮੈਡਮ ਭਾਵਨਾ ਚੱਢਾ, ਪ੍ਰਿੰਸੀਪਲ ਦਲਜੀਤ ਰਾਣਾ ਅਤੇ ਹੋਰਾਂ ਨੇ ਉਸ ਨੂੰ ਕੜਾ ਉੁਤਾਰਨ ਲਈ ਕਿਹਾ। ਕੜਾ ਉਤਾਰਨ ਤੋਂ ਇਨਕਾਰ ਕਰਦਿਆਂ ਸਕੂਲ ਤੋਂ ਬਾਹਰ ਆ ਕੇ ਲੜਕੀ ਨੇ ਸਾਰੀ ਗੱਲ ਆਪਣੇ ਦਾਦਾ ਗੁੁਰਜੀਤ ਸਿੰਘ ਨੂੰ ਦੱਸੀ ਅਤੇ ਉਨ੍ਹਾਂ ਇਸ ਦੀ ਸੂਚਨਾ ਸਿੱਖ ਤਾਲਮੇਲ ਕਮੇਟੀ ਨੂੰ ਦਿੱਤੀ। ਮੌਕੇ ’ਤੇ ਪਹੁੰਚੇ ਕਮੇਟੀ ਆਗੂਆਂ ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਹਰਪਾਲ ਸਿੰਘ ਪਾਲੀ ਚੱਢਾ ਤੇ ਸਨੀ ਸਿੰਘ ਓਬਰਾਏ ਨੇ ਦੱਸਿਆ ਕਿ ਸਕੂਲ ਵਿੱਚ ਭਾਵਨਾ ਚੱਢਾ ਦੇ ਹੱਥ ਵਿੱਚ ਸੱਤ-ਅੱਠ ਕੜੇ ਫੜੇ ਹੋਏ ਸਨ, ਜੋ ਉਨ੍ਹਾਂ ਬੱਚਿਆਂ ਤੋਂ ਉਤਰਵਾਏ ਸਨ। ਇਸ ਬਾਰੇ ਸੂਚਨਾ ਮਿਲਣ ਮਗਰੋਂ ਪੁੁਲੀਸ ਅਧਿਆਪਕਾਂ ਨੂੰ ਥਾਣੇ ਲੈ ਗਈ। ਇੱਥੇ ਭਾਵਨਾ ਚੱਢਾ ਤੇ ਅਮਿਤ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਿੰਸੀਪਲ ਨੇ ਬੱਚਿਆਂ ਦੇ ਕੜੇ ਉਤਰਵਾਉਣ ਲਈ ਕਿਹਾ ਸੀ। ਇਸ ਮਗਰੋਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਨੇ ਪ੍ਰਿੰਸੀਪਲ ਦਲਜੀਤ ਰਾਣਾ, ਅਮਿਤ ਚੋਪੜਾ ਤੇ ਭਾਵਨਾ ਚੱਢਾ ਨੂੰ ਸਕੂਲ ’ਚੋਂ ਬਰਖਾਸਤ ਕਰ ਦਿੱਤਾ ਅਤੇ ਕੜੇ ਉਤਰਵਾਉਣ ਵਾਲਿਆਂ ਨੇ ਸਿੱਖ ਭਾਈਚਾਰੇ ਤੋਂ ਲਿਖਤੀ ਮੁਆਫੀ ਮੰਗੀ।