ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਜੁਲਾਈ
ਬਾਬਾ ਫ਼ਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਦੇ ਅਪਮਾਨ ਤੋਂ ਬਾਅਦ ਇਥੇ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕੇਡੀ ਸਿੰਘ ਨੇ ਆਪੋ ਆਪਣੇ ਅਹੁਦੇ ਛੱਡਣ ਦੀ ਪੇਸ਼ਕਸ਼ ਕੀਤੀ ਹੈ। ਡਾ. ਰਾਜੀਵ ਦੇਵਗਨ ਨੇ ਇਸ ਸਬੰਧ ਵਿਚ ਆਪਣਾ ਪੱਤਰ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਤੇ ਡਾ. ਕੇਡੀ ਸਿੰਘ ਵੱਲੋਂ ਆਪਣਾ ਪੱਤਰ ਸਕੱਤਰ ਮੈਡੀਕਲ ਐਜੂਕੇਸ਼ਨ ਨੂੰ ਭੇਜਿਆ ਗਿਆ ਹੈ। ਦੋਵਾਂ ਨੇ ਭੇਜੇ ਆਪਣੇ ਪੱਤਰ ਵਿੱਚ ਕੰਮ ਦੇ ਵਧੇਰੇ ਬੋਝ ਦਾ ਹਵਾਲਾ ਦਿੱਤਾ ਹੈ। ਡਾ. ਦੇਵਗਨ ਇਸ ਵੇਲੇ ਕੈਂਸਰ ਵਿਭਾਗ ਦੇ ਮੁਖੀ ਵੀ ਹਨ ਅਤੇ ਉਨ੍ਹਾਂ ਕੋਲ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਦਾ ਵਾਧੂ ਚਾਰਜ ਹੈ। ਡਾ. ਕੇਡੀ ਸਿੰਘ ਇਸ ਵੇਲੇ ਮਾਇਕ੍ਰੋਬਾਇਲੋਜੀ ਵਿਭਾਗ ਦੇ ਪ੍ਰੋਫੈਸਰ ਹਨ ਅਤੇ ਉਨ੍ਹਾਂ ਕੋਲ ਮੈਡੀਕਲ ਸੁਪਰਡੈਂਟ ਦਾ ਵਾਧੂ ਚਾਰਜ ਹੈ। ਦੋਵਾਂ ਨੇ ਲਿਖਿਆ ਕਿ ਵਾਧੂ ਚਾਰਜ ਕਾਰਨ ਉਨ੍ਹਾਂ ਦੇ ਆਪੋ ਆਪਣੇ ਵਿਭਾਗ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਭਾਵੇਂ ਉਨ੍ਹਾਂ ਆਪਣੇ ਪੱਤਰਾਂ ਵਿੱਚ ਵਿਭਾਗ ਛੱਡਣ ਦੇ ਕਾਰਨ ਕੁੱਝ ਹੋਰ ਦੱਸੇ ਹਨ ਪਰ ਇਹ ਪੇਸ਼ਕਸ਼ ਉਸ ਵੇਲੇ ਕੀਤੀ ਗਈ ਹੈ ਜਦੋਂ ਕੱਲ੍ਹ ਬਾਬਾ ਫਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਨੂੰ ਸਿਹਤ ਮੰਤਰੀ ਵੱਲੋਂ ਸ਼ਰਮਿੰਦਾ ਕੀਤਾ ਗਿਆ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਇਨ੍ਹਾਂ ਦੋਵਾਂ ਅਧਿਕਾਰੀਆਂ ਨੇ ਵੀ ਆਪਣੇ ਅਹੁਦੇ ਛੱਡਣ ਦੀ ਪੇਸ਼ਕਸ਼ ਕੀਤੀ ਹੈ।