ਖੇਤਰੀ ਪ੍ਰਤੀਨਿਧ
ਡੇਰਾਬੱਸੀ, 26 ਅਕਤੂਬਰ
ਡੇਰਾਬੱਸੀ ਵਿੱਚ ਸਥਾਨਕ ਬਰਵਾਲਾ ਸੜਕ ’ਤੇ ਪੈਂਦੇ ਦਸਮੇਸ਼ ਨਗਰ ਅਤੇ ਨਾਲ ਵਸਦੀਆਂ ਕਲੋਨੀਆਂ ਦੇ ਲੋਕਾਂ ਨੂੰ ਫੈਕਟਰੀਆਂ ਦੇ ਧੂੰਏਂ ਅਤੇ ਸੁਆਹ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਵੱਲੋਂ ਪਾਬੰਦੀ ਤੋਂ ਬਾਅਦ ਵੀ ਕਲੋਨੀਆਂ ਦੇ ਨੇੜੇ ਕੂੜੇ ਨੂੰ ਸਾੜਿਆ ਜਾ ਰਿਹਾ ਹੈ ਅਤੇ ਫੈਕਟਰੀਆਂ ਦੇ ਗੰਦੇ ਧੂੰਏਂ ਤੋਂ ਬਿਮਾਰੀਆਂ ਲਗ ਰਹੀਆਂ ਹਨ। ਦਸਮੇਸ਼ ਨਗਰ ਦੇ ਵਾਸੀ ਹਰਪ੍ਰੀਤ ਸਿੰਘ, ਸਰਬਜੀਤ ਸਿੰਘ, ਧਰਮਪਾਲ, ਪਵਨ ਕੁਮਾਰ ਅਤੇ ਹੋਰ ਕਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਫੈਕਟਰੀਆਂ ਤੋਂ ਨਿਕਲਦਾ ਧੂੰਆਂ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਘਰਾਂ ਦੀਆਂ ਛੱਤਾਂ ’ਤੇ ਪਏ ਕੱਪੜੇ ਵੀ ਸੁਆਹ ਨਾਲ ਖਰਾਬ ਹੋ ਜਾਂਦੇ ਹਨ। ਕਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਫੈਕਟਰੀਆਂ ਤੋਂ ਰਾਤ ਵੇਲੇ ਧੂੰਆਂ ਜ਼ਿਆਦਾ ਹੁੰਦਾ ਹੈ, ਜਿਸ ਦੇ ਨਾਲ ਬਹੁਤ ਗੰਦਗੀ ਆਉਂਦੀ ਹੈ। ਇਕ ਹੋਰ ਵਾਸੀ ਸੂਰੇਸ਼ ਕੁਮਾਰ ਨੇ ਕਿਹਾ ਕਿ ਪ੍ਰਦੂਸ਼ਿਤ ਅਤੇ ਗੰਦਾ ਪਾਣੀ ਪੀਣ ਕਰ ਕੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ। ਸਰਕਾਰ ਵੱਲੋਂ ਪੀਣ ਵਾਲੇ ਪਾਣੀ ਦੀ ਸੁਵਿਧਾ ਵੀ ਨਹੀਂ ਹੈ।
ਸਬੰਧਤ ਐੱਸਡੀਓ ਨੇ ਵਾਰ-ਵਾਰ ਫੋਨ ਕਰਨ ’ਤੇ ਵੀ ਫੋਨ ਨਹੀਂ ਚੁੱਕਿਆ। ਇਸ ਸਬੰਧੀ ਪਹਿਲਾਂ ਵੀ ਦਸਮੇਸ਼ ਨਗਰ ਵਾਸੀਆਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਪਰ ਸਰਕਾਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।