ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਅਕਤੂਬਰ
ਦਾਣਾ ਮੰਡੀ ਟਰਾਂਸਪੋਰਟੇਸ਼ਨ ਘੁਟਾਲੇ ਦੇ ਮਾਮਲੇ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਨਾਮਜ਼ਦ ਕੀਤੇ ਉਪ ਡਾਇਰੈਕਟਰ ਆਰ.ਕੇ ਸਿੰਗਲਾ ਦੇ ਖਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਵਿਜੀਲੈਂਸ ਨੇ ਅਦਾਲਤ ’ਚ ਇਸ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ ਉਨ੍ਹਾਂ ਨੂੰ ਇਸ਼ਤਿਹਾਰੀ ਕਰਾਰ ਦਿੱਤਾ ਹੈ ਤੇ 24 ਨਵੰਬਰ ਤੋਂ ਬਾਅਦ ਉਨ੍ਹਾਂ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਵਿਜੀਲੈਂਸ ਵੱਲੋਂ ਆਰ.ਕੇ ਸਿੰਗਲਾ ਦੇ ਘਰ ਛਾਪੇ ਮਾਰੇ ਗਏ ਸਨ। ਇਸ ਦੌਰਾਨ ਲੱਖਾਂ ਦਾ ਕੈਸ਼, ਵਿਦੇਸ਼ੀ ਕਰੰਸੀ, ਸੋਨੇ ਤੇ ਚਾਂਦੀ ਦੇ ਗਹਿਣਿਆਂ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਗਿਆ ਸੀ। ਟੈਂਡਰ ਘੁਟਾਲੇ ’ਚ ਗ੍ਰਿਫ਼ਤਾਰ ਕੀਤੇ ਗਏ ਕਾਂਗਰਸੀ ਕੌਂਸਲਰ ਸਨੀ ਭੱਲਾ ਵਿਜੀਲੈਂਸ ਕੋਲ 2 ਦਿਨ ਦੇ ਪੁਲੀਸ ਰਿਮਾਂਡ ’ਤੇ ਹਨ। ਸ਼ਨਿੱਚਰਵਾਰ ਨੂੰ ਉਨ੍ਹਾਂ ਦਾ ਪੁਲੀਸ ਰਿਮਾਂਡ ਖਤਮ ਹੋਵੇਗਾ ਤੇ ਉਨ੍ਹਾਂ ਨੂੰ ਮੁੜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।