ਟ੍ਰਿਬਿਊਨ ਿਨਊਜ਼ ਸਰਵਿਸ
ਚੰਡੀਗੜ੍ਹ, 9 ਜੂਨ
ਖੜਗੇ ਕਮੇਟੀ ਨੇ ਪੰਜਾਬ ਕਾਂਗਰਸ ਦੇ ਵਿਵਾਦ ਸਬੰਧੀ ਹਾਈਕਮਾਨ ਨੂੰ ਰਿਪੋਰਟ ਸੌਂਪਣ ਦੇ ਮਾਮਲੇ ਨੂੰ ਫਿਲਹਾਲ ਤਿੰਨ ਦਿਨਾਂ ਲਈ ਟਾਲ ਦਿੱਤਾ ਹੈ। ਪਹਿਲਾਂ ਇਹ ਰਿਪੋਰਟ ਬੁੱਧਵਾਰ ਜਾਂ ਵੀਰਵਾਰ ਨੂੰ ਸੌਂਪੀ ਜਾਣੀ ਸੀ। ਅੱਜ ਵੀ ਖੜਗੇ ਕਮੇਟੀ ਨੇ ਪੰਜਾਬ ਕਾਂਗਰਸ ਦੇ ਰੱਫੜ ਨੂੰ ਸਮੇਟਣ ਲਈ ਰਿਪੋਰਟ ’ਤੇ ਮੰਥਨ ਕੀਤਾ। ਰਿਪੋਰਟ ਸੌਂਪਣ ਦਾ ਮਾਮਲਾ ਪਿੱਛੇ ਪਾਉਣ ਦੇ ਦੋ ਕਾਰਨ ਦੱਸੇ ਜਾ ਰਹੇ ਹਨ। ਪਹਿਲਾ, ਸਾਬਕਾ ਕੇਂਦਰੀ ਮੰਤਰੀ ਅਤੇ ਰਾਹੁਲ ਗਾਂਧੀ ਦੇ ਨੇੜਲੇ ਜਿਤਿਨ ਪ੍ਰਸਾਦ (ਯੂਪੀ) ਅੱਜ ਭਾਜਪਾ ਵਿਚ ਸ਼ਾਮਲ ਹੋ ਗਏ ਹਨ ਅਤੇ ਦੂਸਰਾ ਨਵਜੋਤ ਸਿੱਧੂ ਨੂੰ ਲੈ ਕੇ ਕੋਈ ਪੇਚ ਫਸ ਗਿਆ ਹੈ। ਖੜਗੇ ਕਮੇਟੀ ਦੇ ਚੇਅਰਮੈਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਪੰਜਾਬ ਕਾਂਗਰਸ ਦੇ ਵਿਵਾਦ ਨੂੰ ਸੁਲਝਾਉਣ ਲਈ ਉਹ ਆਪਣੀ ਰਿਪੋਰਟ ਤਿੰਨ-ਚਾਰ ਦਿਨਾਂ ’ਚ ਕਾਂਗਰਸ ਹਾਈਕਮਾਨ ਨੂੰ ਸੌਂਪ ਦੇਣਗੇ। ਉਨ੍ਹਾਂ ਕਿਹਾ ਕਿ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਅਤੇ ਪਾਰਟੀ ਨੂੰ ਮਜ਼ਬੂਤ ਕਰਨਾ ਹੈ। ਖੜਗੇ ਨੇ ਕਾਂਗਰਸੀ ਦੇ ਸੀਨੀਅਰ ਨੇਤਾ ਜਿਤਿਨ ਪ੍ਰਸ਼ਾਦ ਦੀ ਭਾਜਪਾ ਵਿਚ ਸ਼ਮੂਲੀਅਤ ਬਾਰੇ ਕਿਹਾ ਕਿ ਉਨ੍ਹਾਂ ਦਾ ਜਾਣਾ ਪਾਰਟੀ ਲਈ ਅੱਛਾ ਨਹੀਂ ਹੈ ਅਤੇ ਜਿਨ੍ਹਾਂ ਨੇ ਜਾਣਾ ਹੁੰਦਾ ਹੈ, ਉਹ ਰੋਕੇ ਜਾਣ ਦੇ ਬਾਵਜੂਦ ਚਲੇ ਹੀ ਜਾਂਦੇ ਹਨ।
ਖੜਗੇ ਦੇ ਬਿਆਨ ਤੋਂ ਜਾਪਦਾ ਹੈ ਕਿ ਉਹ ਉਤਰ ਪ੍ਰਦੇਸ਼ ਦੇ ਇਸ ਝਟਕੇ ਮਗਰੋਂ ਪੰਜਾਬ ਕਾਂਗਰਸ ਦੇ ਵਿਵਾਦ ਨੂੰ ਲੈ ਕੇ ਕੋਈ ਕਾਹਲ ਨਹੀਂ ਕਰਨਾ ਚਾਹੁੰਦੇ ਅਤੇ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਹਾਈਕਮਾਨ ਦੇ ਆਖ਼ਰੀ ਫ਼ੈਸਲੇ ਤੋਂ ਪਹਿਲਾਂ ਆਹਮੋ-ਸਾਹਮਣੇ ਬਿਠਾਉਣਾ ਚਾਹੁੰਦੇ ਹਨ। ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਵਿੱਚ ਬਗ਼ਾਵਤ ਉੱਠਣ ਮਗਰੋਂ ਹਾਈਕਮਾਨ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ, ਜਿਸ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਵਿਰੋਧੀ ਧੜੇ ਦੇ ਮੈਂਬਰਾਂ ਨੂੰ ਦਿੱਲੀ ਬੁਲਾ ਕੇ ਪੱਖ ਸੁਣਿਆ ਗਿਆ ਸੀ।
ਸੂਤਰਾਂ ਅਨੁਸਾਰ, ਕਾਂਗਰਸੀ ਨੇਤਾ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ, ਜੋ ਉਨ੍ਹਾਂ ਨੇ ਠੁਕਰਾ ਦਿੱਤੀ ਹੈ। ਨਵਜੋਤ ਸਿੱਧੂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲੈਣ ਦੇ ਇੱਛੁਕ ਹਨ। ਦੂਜੇ ਪਾਸੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਖੜਗੇ ਕਮੇਟੀ ਨੂੰ ਸਪੱਸ਼ਟ ਆਖ ਆਏ ਹਨ ਕਿ ਸਿੱਧੂ ਇਸ ਅਹੁਦੇ ’ਤੇ ਨਹੀਂ ਚੱਲ ਸਕਣਗੇ। ਦੋਹਾਂ ਧਿਰਾਂ ਦੇ ਸਪੱਸ਼ਟ ਸਟੈਂਡ ਕਾਰਨ ਹਾਈਕਮਾਨ ਬੋਚ ਬੋਚ ਪੈਰ ਧਰ ਰਹੀ ਹੈ। ਸੂਤਰ ਆਖਦੇ ਹਨ ਕਿ ਅਹੁਦੇਦਾਰੀਆਂ ਦੇ ਚੱਕਰ ਵਿਚ ਵਿਰੋਧੀ ਧੜੇ ਵੱਲੋਂ ਉਠਾਏ ਪੰਜਾਬ ਦੇ ਮੂਲ ਮਸਲੇ ਪਾਸੇ ਹੀ ਰਹਿ ਗਏ ਹਨ। ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਨੇ ਪੰਜਾਬ ਵਿਚ ਜ਼ੋਰਦਾਰ ਤਰੀਕੇ ਨਾਲ ਫਲੈਕਸ ਲਗਾਏ ਜਾਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਮੁਹਾਲੀ ਵਿਚ ਅੱਜ ਦਰਜਨਾਂ ਥਾਵਾਂ ’ਤੇ ਕੈਪਟਨ ਦੇ ਫਲੈਕਸ ਦੇਖੇ ਗਏ ਹਨ। ਹਲਕਾ ਦਾਖਾ ਤੋਂ ਟਿਕਟ ਦੇ ਚਾਹਵਾਨ ਦਮਨਜੀਤ ਸਿੰਘ ਮੋਹੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਹਲਕਾ ਦਾਖਾ ਵਿਚ ਫਲੈਕਸ ਲਗਾ ਦਿੱਤੇ ਹਨ। ਬਠਿੰਡਾ ਦੇ ਤਲਵੰਡੀ ਸਾਬੋ ਅਤੇ ਬਠਿੰਡਾ ਦਿਹਾਤੀ ਹਲਕੇ ਵਿਚ ਵੀ ਕੈਪਟਨ ਦੇ ਫਲੈਕਸ ਚਮਕਣ ਲੱਗੇ ਹਨ।