ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਨਵੰਬਰ
ਪੰਜਾਬ ਸਰਕਾਰ ਸੂਬੇ ਵਿੱਚ ਡੇਅਰੀ ਫਾਰਮਿੰਗ ਸੈਕਟਰ ਨੂੰ ਪ੍ਰਫੁੱਲਤ ਕਰਨ ਲਈ ਹੋਲਸਟਾਈਨ ਫਰੀਜ਼ੀਅਨ (ਐੱਚ.ਐੱਫ.) ਨਸਲ ਦੀਆਂ ਉੱਚਤਮ ਗਾਵਾਂ ਦੀ ਪਛਾਣ ਕਰਨ ਤੇ ਇਨ੍ਹਾਂ ਦੀ ਦੁੱਧ ਉਤਪਾਦਨ ਸਮਰੱਥਾ ਬਾਰੇ ਜਾਣਨ ਲਈ ਜਲਦੀ ਇੱਕ ਪ੍ਰਾਜੈਕਟ ਸ਼ੁਰੂ ਕਰਨ ਦੀ ਤਿਆਰੀ ’ਚ ਹੈ। ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ 5.31 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰਾਜੈਕਟ ਦਸੰਬਰ 2024 ਦੇ ਪਹਿਲੇ ਹਫ਼ਤੇ ਸ਼ੁਰੂ ਕੀਤਾ ਜਾਵੇਗਾ। ਇਸ ਤਹਿਤ ਪ੍ਰਾਜੈਕਟ ਸੁਪਰਵਾਈਜ਼ਰਾਂ ਵੱਲੋਂ ਪਸ਼ੂ ਪਾਲਣ ਵਿਭਾਗ ਦੇ ਸਟਾਫ਼ ਦੀ ਮਦਦ ਨਾਲ ਦੁੱਧ ਉਤਪਾਦਨ ਦੀ ਰਿਕਾਰਡਿੰਗ ਲਈ ਯੋਗ ਐੱੱਚ.ਐੱਫ. ਨਸਲ ਦੀਆਂ ਗਾਵਾਂ ਦੀ ਪਛਾਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿੱਤੀ ਵਰ੍ਹੇ 2024-25 ਅਤੇ 2025-26 ਦੌਰਾਨ ਤਿੰਨ ਜ਼ਿਲ੍ਹੇ ਲੁਧਿਆਣਾ, ਮੋਗਾ ਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ 90 ਪਿੰਡਾਂ ਵਿੱਚ ਲਗਭਗ 13 ਹਜ਼ਾਰ ਐੱਚ.ਐੱਫ. ਨਸਲ ਦੀਆਂ ਗਾਵਾਂ ਦੇ ਦੁੱਧ ਉਤਪਾਦਨ ਨੂੰ ਰਿਕਾਰਡ ਕੀਤਾ ਜਾਵੇਗਾ।
ਕਿਸਾਨ ਇਨ੍ਹਾਂ ਚੁਣੀਆਂ ਗਈਆਂ ਗਾਵਾਂ ਦਾ ਆਪਣੇ ਘਰਾਂ ਵਿੱਚ ਆਮ ਵਾਂਗ ਹੀ ਦੁੱਧ ਚੋਣਗੇ। ਇਸ ਦੌਰਾਨ ਇੱਕ ਮਿਲਕ ਰਿਕਾਰਡਰ ਮੌਜੂਦ ਰਹੇਗਾ, ਜੋ ਜੀ.ਪੀ.ਐੱਸ.-ਸਮਰੱਥ ਸਮਾਰਟ ਵੇਇੰਗ ਸਕੇਲ (ਕੰਡੇ) ਦੀ ਵਰਤੋਂ ਕਰ ਕੇ ਦੁੱਧ ਉਤਪਾਦਨ ਸਬੰਧੀ ਡਾਟਾ ਇਕੱਠਾ ਕਰੇਗਾ। ਇਹ ਡੇਟਾ ਆਪਣੇ-ਆਪ ਰਾਸ਼ਟਰੀ ਡੇਟਾਬੇਸ ’ਤੇ ਅਪਲੋਡ ਹੋ ਜਾਵੇਗਾ, ਜਿਸ ਨਾਲ ਇਹ ਦੇਸ਼ ਭਰ ਦੇ ਕਿਸਾਨਾਂ, ਸਰਕਾਰੀ ਏਜੰਸੀਆਂ ਅਤੇ ਹੋਰ ਭਾਈਵਾਲਾਂ ਲਈ ਪਹੁੰਚਯੋਗ ਹੋਵੇਗਾ। ਉਨ੍ਹਾਂ ਕਿਹਾ ਕਿ 10 ਮਹੀਨਿਆਂ ਤੱਕ ਦੁੱਧ ਦੀ ਰਿਕਾਰਡਿੰਗ ਦਿਨ ’ਚ 2-3 ਵਾਰ ਕਿਸਾਨ ਦੀ ਸਹੂਲਤ ਮੁਤਾਬਕ ਕੀਤੀ ਜਾਵੇਗੀ।