ਮਨੋਜ ਸ਼ਰਮਾ
ਬਠਿੰਡਾ, 21 ਜੂਨ
ਖੇਤੀ ਸੈਕਟਰ ਲਈ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਪੰਜਾਬ ਸਰਕਾਰ ਦੇ ਦਾਅਵੇ ਠੁੱਸ ਹੋ ਗਏ ਹਨ। ਪੰਜਾਬ ਸਰਕਾਰ ਅਤੇ ਪਾਵਰਕੌਮ ਮਹਿਕਮੇ ਨੇ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਮੌਕੇ ਨਿਰਵਿਘਨ ਬਿਜਲੀ ਸਪਲਾਈ 8 ਘੰਟੇ ਦੇਣ ਦਾ ਵਾਅਦਾ ਕੀਤਾ ਸੀ ਪਰ ਝੋਨਾ ਲਗਾਉਣ ਦਾ ਸੀਜ਼ਨ ਜ਼ੋਰ ਫੜਨ ਦੇ ਬਾਵਜੂਦ ਪਾਵਰਕੌਮ ਨੇ ਬਿਜਲੀ ਕੱਟ ਲਾਉਣੇ ਸ਼ੁਰੂ ਕਰ ਦਿੱਤੇ ਹਨ। ਜ਼ਿਲ੍ਹੇ ਦੇ ਦਰਜਨ ਤੋਂ ਵੱਧ ਬਿਜਲੀ ਗਰਿੱਡਾਂ ਤੋਂ ਦਿੱਤੀ ਜਾਣ ਵਾਲੀ ਬਿਜਲੀ ਸਪਲਾਈ ਦੇ 1 ਤੋਂ 2 ਘੰਟਿਆਂ ਤੱਕ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ।
ਪੰਜਾਬ ਸਰਕਾਰ ਵੱਲੋਂ ਖੇਤੀ ਸੈਕਟਰ ਲਈ 8 ਘੰਟੇ ਨਿਰਵਿਘਨ ਸਪਲਾਈ ਦੇਣ ਦੇ ਦਾਅਵਿਆਂ ’ਤੇ ਸਵਾਲ ਚੁੱਕਦਿਆਂ ਪਿੰਡ ਮਹਿਮਾ ਸਰਕਾਰੀ ਦੇ ਕਿਸਾਨ ਹੈਪੀ ਸਿੰਘ ਅਤੇ ਰਮੇਸ਼ ਕੁਮਾਰ ਨੇ ਦੱਸਿਆ ਕਿ ਅੱਜ ਦਾਨ ਸਿੰਘ ਵਾਲਾ ਗਰਿੱਡ ਤੋਂ ਸਵੇਰੇ 6 ਵਜੇ ਬਿਜਲੀ ਸਪਲਾਈ ਛੱਡੀ ਗਈ ਸੀ ਪਰ 1 ਵਜੇ ਹੀ ਸਪਲਾਈ ਬੰਦ ਕਰ ਦਿੱਤੀ ਗਈ ਜਦੋਂ ਕਿ ਬਿਜਲੀ ਬੰਦ ਕਰਨ ਦਾ ਸਮਾਂ 2 ਵਜੇ ਤੱਕ ਸੀ। ਜਦੋਂ ਇਸ ਸਬੰਧੀ ਪਾਵਰਕੌਮ ਦੇ ਮੁੱਖ ਦਫ਼ਤਰ ਪਟਿਆਲਾ ’ਚ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੋਈ ਪਾਵਰ ਕੱਟ ਨਹੀਂ ਲਗਾਇਆ ਗਿਆ ਜਦੋਂ ਕਿ ਗਰਿੱਡ ਦੇ ਕਰਮਚਾਰੀ ਪਟਿਆਲਾ ਤੋਂ ਆਏ ਮੈਸੇਜ ਕਾਰਨ ਕੱਟ ਲਗਾਉਣ ਦੀ ਗੱਲ ਕਰ ਰਹੇ ਹਨ।
ਉੱਧਰ ਬੀਕੇਯੂ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੂੰਬਾਂ ਨੇ ਕਿਹਾ ਕਿ ਪਿਉਰੀ ਗਰਿੱਡ, ਬਠਿੰਡਾ ਤੋਂ ਨੰਦਗੜ੍ਹ ਬਠਿੰਡਾ ਤੋਂ ਤਿਉਣਾ ਗਰਿੱਡਾਂ, ਦਾਨ ਸਿੰਘ ਵਾਲਾ, ਭੋਖੜਾ ਗਰਿੱਡਾਂ ਅਧੀਨ ਪੈਂਦੇ ਪਿੰਡਾਂ ਦਾ ਹਾਲ ਇਸ ਕਦਰ ਮਾੜਾ ਹੈ ਕਿ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਮੌਕੇ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਣ ’ਤੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਅੱਜ ਪਿਉਰੀ ਗਰਿੱਡ ਤੋਂ ਦਿੱਤੀ ਜਾਂਦੀ ਮਾੜੀ ਸਪਲਾਈ ਬਾਰੇ ਜਗਸੀਰ ਸਿੰਘ, ਗੁਰਰਾਜ ਸਿੰਘ, ਕੁਲਤਾਰ ਸਿੰਘ, ਮੰਦਰ ਸਿੰਘ ਤੇ ਗੇਂਦਾ ਸਿੰਘ ਆਦਿ ਕਿਸਾਨਾਂ ਦਾ ਵਫ਼ਦ ਮਾੜੀ ਸਪਲਾਈ ਬਾਰੇ ਐਕਸੀਅਨ ਨੂੰ ਮਿਲਿਆ। ਬੀਕੇਯੂ ਉਗਰਾਹਾਂ ਨੇ ਐਲਾਨ ਕੀਤਾ ਕਿ ਜੇਕਰ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਨਾ ਦਿੱਤੀ ਗਈ ਤਾਂ ਪਾਵਰ ਗਰਿੱਡਾਂ ਦਾ ਘਿਰਾਓ ਕੀਤਾ ਜਾਵੇਗਾ।
ਕੀ ਕਹਿਣਾ ਹੈ ਪਾਵਰਕੌਮ ਦੀ ਸੁਪਰਡੈਂਟ ਇੰਜਨੀਆਰ ਦਾ
ਖੇਤੀ ਸੈਕਟਰੀ ਵਿੱਚ ਬਿਜਲੀ ਦੇ ਲੱਗਦੇ ਕੱਟਾਂ ਸਬੰਧੀ ਪਾਵਰਕੌਮ ਦੇ ਸੁਪਰਡੈਂਟ ਇੰਜਨੀਆਰ ਬਲਜੀਤ ਸਿੰਘ ਦਾ ਕਹਿਣਾ ਸੀ ਕਿ ਬਿਜਲੀ ਕੱਟਾਂ ਦੀ ਸਪਲਾਈ ਅਗਲੇ 24 ਘੰਟਿਆਂ ਦੌਰਾਨ ਦਿੱਤੀ ਜਾਣ ਵਾਲੀ ਸਪਲਾਈ ਦੌਰਾਨ ਦੇ ਦਿੱਤੀ ਜਾਂਦੀ ਹੈ। ਉਧਰ ਕਿਸਾਨਾਂ ਨੇ ਇਸ ਬਿਆਨ ’ਤੇ ਹੈਰਾਨੀ ਜ਼ਾਹਰ ਕਰਦਿਆਂ ਇਸ ਨੂੰ ਮੁੱਢ ਨਕਾਰਦਿਆਂ ਕਿਹਾ ਕਿ ਬਿਜਲੀ ਕੱਟਾਂ ਵਾਲੀ ਸਪਲਾਈ ਅਗਲੇ ਦਿਨ ਵਾਲੇ ਸ਼ਡਿਊਲ ਵਿੱਚ ਨਹੀਂ ਦਿੱਤੀ ਜਾਂਦੀ।