ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਜੂਨ
ਪੰਜਾਬ ਪੁਲੀਸ ’ਚ ਰਾਜ ਸਰਕਾਰ ਵੱਲੋਂ ਸ਼ੁਰੂ ਕੀਤੀ ਯਕੀਨਨ ਸੇਵਾ ਤਰੱਕੀ ਤਹਿਤ ਜੂਨੀਅਰ ਮੁਲਾਜ਼ਮ ਆਪਣੇ ਤੋਂ ਕਈ ਸਾਲ ਸੀਨੀਅਰ ਅਤੇ ਕੋਰਸ ਪਾਸ ਏਐੱਸਆਈ ਤੇ ਸਬ-ਇੰਸਪੈਕਟਰਾਂ ਬਰਾਬਰ ਤਰੱਕੀ ਲੈ ਕੇ ਥਾਣਾ ਮੁਖੀ ਵਰਗੀ ਅਹਿਮ ਜ਼ਿੰਮੇਵਾਰੀ ਨਿਭਾਅ ਰਹੇ ਹਨ ਅਤੇ ਦੂਜੇ ਪਾਸੇ ਸੀਨੀਅਰ ਤੇ ਕੋਰਸ ਪਾਸ ਮੁਲਾਜ਼ਮ ਆਪਣੀ ਤਰੱਕੀ ਦੀ ਝਾਕ ਵਿੱਚ ਸੇਵਾਮੁਕਤੀ ਦੀ ਉਮਰ ਨੇੜੇ ਪੁੱਜ ਗਏ ਹਨ।
ਇਸ ਸਬੰਧੀ ਸੈਂਕੜੇ ਪੁਲੀਸ ਮੁਲਾਜ਼ਮਾਂ ਨੇ ਡੀਜੀਪੀ ਨੂੰ ਨਿੱਜੀ ਤੌਰ ’ਤੇ ਮਿਲਣ ਲਈ ਆਪੋ-ਆਪਣੇ ਜ਼ਿਲ੍ਹਿਆਂ ਦੇ ਐੱਸਐੱਸਪੀ ਤੋਂ ਆਗਿਆ ਲਈ ਹੈ। ਉਨ੍ਹਾਂ ਪੰਜਾਬ ਪੁਲੀਸ ਮੁਖੀ ਦਿਨਕਰ ਗੁਪਤਾ ਨੂੰ ਲਿਖੇ ਸਾਂਝੇ ਪੱਤਰ ਵਿਚ ਕਿਹਾ ਕਿ 1200 ਪੁਲੀਸ ਮੁਲਾਜ਼ਮਾਂ ਦਾ ਅੱਪਰ ਕੋਰਸ ਬੀਤੀ ਪਹਿਲੀ ਫਰਵਰੀ ਨੂੰ ਪੁਲੀਸ ਅਕੈਡਮੀ ਫਿਲੌਰ ਵਿੱਚ ਸ਼ੁਰੂ ਹੋਇਆ ਸੀ। ਉਨ੍ਹਾਂ ਤਕਰੀਬਨ 45 ਦਿਨ ਕੋਰਸ ਕੀਤਾ ਤੇ ਮਗਰੋਂ ਕੋਵਿਡ-19 ਤਾਲਾਬੰਦੀ ਕਾਰਨ ਉਨ੍ਹਾਂ ਨੂੰ 19 ਮਾਰਚ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਲਾਅ ਐਂਡ ਆਰਡਰ ਡਿਊਟੀ ’ਤੇ ਭੇਜ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਦਾ ਕੋਰਸ ਅੱਧ ਵਿਚਾਲੇ ਲਟਕ ਗਿਆ ਹੈ। ਉਂਝ 105 ਦਿਨ ਦਾ ਇਹ ਕੋਰਸ 15 ਮਈ ਨੂੰ ਪੂਰਾ ਹੋਣਾ ਸੀ।
ਉਨ੍ਹਾਂ ਕਿਹਾ ਕਿ ਉਹ ਸੂਬੇ ’ਚ ਅਤਿਵਾਦ ਦੇ ਸਮੇਂ ਤੋਂ ਸਿਪਾਹੀ ਭਰਤੀ ਹੋਏ ਸਨ ਅਤੇ ਹੁਣ ਉਹ ਸੇਵਾਮੁਕਤੀ ਦੀ ਉਮਰ ਨੇੜੇ ਪੁੱਜ ਗਏ ਹਨ। ਉਨ੍ਹਾਂ ਡੀਜੀਪੀ ਕੋਲੋਂ ਰਾਹਤ ਦੀ ਮੰਗ ਕਰਦਿਆਂ ਕਿਹਾ ਕਿ ਜਾਂ ਤਾਂ ਉਨ੍ਹਾਂ ਨੂੰ 45 ਦਿਨਾਂ ਦੇ ਅੱਪਰ ਕੋਰਸ ਦੇ ਆਧਾਰ ’ਤੇ ਪਾਸ ਕਰ ਦਿੱਤਾ ਜਾਵੇ ਜਾਂ ਉਨ੍ਹਾਂ ਦੇ ਟੈਸਟ ਲੈ ਲਏ ਜਾਣ, ਤਾਂ ਜੋ ਉਹ ਆਪਣੀ ਤਰੱਕੀ ਦੇ ਹੱਕਦਾਰ ਬਣ ਸਕਣ।